– 18 ਜੂਨ ਤੋਂ ਹੁਣ ਤੱਕ 7 ਵਾਰ ਹੋਈ ਸੁਣਵਾਈ
ਰਾਏਕੋਟ, 5 ਜੁਲਾਈ (ਰਵਿੰਦਰ ਸ਼ਰਮਾ) : ਐੱਸ.ਡੀ.ਐੱਮ ਰਾਏਕੋਟ ਦੇ ਦਫ਼ਤਰ ਦੀ ਅਲਮਾਰੀ ਵਿੱਚੋਂ 12 ਜੂਨ ਨੂੰ ਮਿਲੀ 24 ਲੱਖ 6 ਹਜ਼ਾਰ ਰੁਪਏ ਦੀ ਨਕਦੀ ਦੇ ਮਾਮਲੇ ਵਿੱਚ ਚੌਕਸੀ ਵਿਭਾਗ ਵੱਲੋਂ ਨਾਮਜ਼ਦ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਕੋਈ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਵੱਲੋਂ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਵਧੀਕ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਦੀ ਅਦਾਲਤ ਵਿੱਚ ਪਿਛਲੇ ਤਿੰਨ ਦਿਨ ਤੋਂ ਰੋਜ਼ਾਨਾ ਹੋ ਰਹੀ ਸੁਣਵਾਈ ਦੌਰਾਨ ਪੀ.ਸੀ.ਐੱਸ ਅਧਿਕਾਰੀ ਐੱਸ.ਡੀ.ਐੱਮ ਕੋਹਲੀ ਦੇ ਵਕੀਲ ਪਵਨ ਕੁਮਾਰ ਘਈ ਦੀਆਂ ਦਲੀਲਾਂ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਹੈ।
ਕਾਬਲੇ-ਗ਼ੌਰ ਹੈ ਕਿ ਕੁਝ ਜ਼ਮੀਨੀ ਮਾਮਲਿਆਂ ਦੀ ਸੁਣਵਾਈ ਦੌਰਾਨ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ ਮੋਟੀ ਰਿਸ਼ਵਤ ਲਏ ਜਾਣ ਦਾ ਮਾਮਲਾ ਸਾਹਮਣੇ ਆਉਣ ਬਾਅਦ 12 ਜੂਨ ਨੂੰ ਚੌਕਸੀ ਵਿਭਾਗ ਦੀ ਛਾਪੇਮਾਰੀ ਦੌਰਾਨ ਐੱਸ.ਡੀ.ਐੱਮ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਦੀ ਅਲਮਾਰੀ ਵਿੱਚੋਂ 24 ਲੱਖ 6 ਹਜ਼ਾਰ ਰੁਪਏ ਦੀ ਨਕਦੀ ਮਿਲਣ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਦਕਿ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਚੌਕਸੀ ਵਿਭਾਗ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਖਿਸਕ ਗਏ ਸਨ। ਜਾਂਚ ਦੌਰਾਨ ਯੂਥ ਅਕਾਲੀ ਦਲ ਦੇ ਸੂਬਾਈ ਆਗੂ ਸੁਖਜੀਤ ਸਿੰਘ ਬੱਗੀ ਨੂੰ ਵੀ ਚੌਕਸੀ ਵਿਭਾਗ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਤਿੰਦਰ ਸਿੰਘ ਨੀਟਾ ਅਤੇ ਸੁਖਜੀਤ ਸਿੰਘ ਬੱਗੀ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਕੋਹਲੀ ਆਪਣੀ ਜ਼ਮਾਨਤ ਦੀ ਉਡੀਕ ਕਰ ਰਹੇ ਸਨ। ਕੇਸ ਦਰਜ ਹੋਣ ਤੋਂ 6 ਦਿਨ ਬਾਅਦ 18 ਜੂਨ ਨੂੰ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਨੇ ਅਗਾਊਂ ਜ਼ਮਾਨਤ ਲਈ ਅਦਾਲਤ ਵਿੱਚ ਪਹੁੰਚ ਕੀਤੀ ਸੀ। ਵਧੀਕ ਸੈਸ਼ਨ ਜੱਜ ਪ੍ਰੀਤੀ ਸੁਖੀਜਾ ਦੀ ਅਦਾਲਤ ਵੱਲੋਂ ਚੌਕਸੀ ਵਿਭਾਗ ਨੂੰ ਨੋਟਿਸ ਭੇਜ ਕੇ ਰਿਕਾਰਡ ਪੇਸ਼ ਕਰਨ ਲਈ ਆਦੇਸ਼ ਦਿੱਤੇ ਸਨ। ਪਰ ਚੌਕਸੀ ਵਿਭਾਗ ਲਗਾਤਾਰ ਰਿਕਾਰਡ ਪੇਸ਼ ਕਰਨ ਵਿੱਚ ਢਿੱਲਮੱਠ ਦਿਖਾਉਂਦਾ ਰਿਹਾ ਅਤੇ ਗਰਮੀ ਦੀਆਂ ਛੁੱਟੀਆਂ ਕਾਰਨ ਇਸ ਕੇਸ ਦੀ ਸੁਣਵਾਈ ਡਿਊਟੀ ਮੈਜਿਸਟ੍ਰੇਟ ਜਗਦੀਪ ਸੂਦ ਦੀ ਅਦਾਲਤ ਵੱਲੋਂ ਵੀ ਕੀਤੀ ਗਈ ਪਰ ਚੌਕਸੀ ਵਿਭਾਗ ਵੱਲੋਂ ਰਿਕਾਰਡ ਨਹੀਂ ਪੇਸ਼ ਕੀਤਾ ਗਿਆ। ਹੁਣ ਇਸ ਕੇਸ ਦੀ ਸੁਣਵਾਈ ਪਿਛਲੇ ਤਿੰਨ ਦਿਨ ਤੋਂ ਅਮਰਿੰਦਰ ਸਿੰਘ ਸ਼ੇਰਗਿੱਲ ਦੀ ਅਦਾਲਤ ਵੱਲੋਂ ਕੀਤੀ ਜਾ ਰਹੀ ਸੀ। ਇਸ ਕੇਸ ਦੇ ਮੁੱਦਈ ਕਮਲ ਸੁਖਾਣਾ ਵੱਲੋਂ ਵੀ ਵਕੀਲ ਰਜਤ ਮਲਹੋਤਰਾ ਜ਼ਮਾਨਤ ਦਾ ਵਿਰੋਧ ਕਰਨ ਲਈ ਪੇਸ਼ ਹੋਏ ਹਨ।
ਕਮਲ ਸੁਖਾਣਾ ਨੇ ਸਰਕਾਰੀ ਵਕੀਲ ਦੇ ਨਾਲ ਆਪਣਾ ਇਕ ਨਿੱਜੀ ਵਕੀਲ ਰਜਤ ਮਲਹੋਤਰਾ ਨੂੰ ਵੀ ਹਾਇਰ ਕਰ ਲਿਆ ਹੈ ਉਨ੍ਹਾਂ ਨੇ ਹੀ ਜ਼ਮਾਨਤ ਦਾ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਮਾਨਯੋਗ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਨੇ ਜਮਾਨਤ ਖਾਰਜ ਕਰ ਦਿੱਤੀ ਸੀ।

Posted inਲੁਧਿਆਣਾ