ਲੁਧਿਆਣਾ, 23 ਜੁਲਾਈ (ਰਵਿੰਦਰ ਸ਼ਰਮਾ) : ਅਕਸਰ ਅਸੀਂ ਮੋਬਾਈਲ ਫ਼ੋਨ ਦੇ ਫ਼ਟਣ ਦੀਆਂ ਖ਼ਬਰਾਂ ਵਿਦੇਸ਼ਾਂ ਤੋਂ ਜਿਆਦਾ ਸੁਣਦੇ ਹਾਂ। ਖ਼ਾਸ ਕਰ ਉਨ੍ਹਾਂ ਮੁਲਕਾਂ ਵਿੱਚ ਜਿੱਥੇ ਸੂਰਜ ਦੀ ਤਿੱਖੀ ਧੁੱਪ ਹੁੰਦੀ ਹੈ। ਪੰਜਾਬ ਦੇ ਲੁਧਿਆਣਾ ਦੇ ਕਸਬਾ ਜਗਰਾਉਂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਮੋਬਾਈਲ ਸਿਰਹਾਣੇ ਕੋਲ ਰੱਖਿਆ ਗਿਆ ਸੀ, ਜਿਸ ਕਾਰਨ ਅੱਗ ਨੇ ਪੂਰੇ ਬਿਸਤਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਬੈਡ ’ਤੇ ਸੁੱਤੀ ਔਰਤ 90 ਪ੍ਰਤੀਸ਼ਤ ਤੱਕ ਸੜ ਗਈ। ਔਰਤ ਦੀ ਹਾਲਤ ਨਾਜ਼ੁਕ ਹੈ। ਇਹ ਘਟਨਾ ਜਗਰਾਉਂ ਦੇ ਅਲੀਗੜ੍ਹ ਪਿੰਡ ਵਿੱਚ ਵਾਪਰੀ, ਜਿੱਥੇ ਮਨਪ੍ਰੀਤ ਕੌਰ ਉਰਫ਼ ਰਿੰਪੀ ਨਾਮ ਦੀ ਇੱਕ ਔਰਤ ਮੋਬਾਈਲ ਚਾਰਜਿੰਗ ’ਤੇ ਲਗਾਉਣ ਤੋਂ ਬਾਅਦ ਸੌਂ ਰਹੀ ਸੀ। ਮਨਪ੍ਰੀਤ ਕੌਰ ਆਪਣੀ ਬਜ਼ੁਰਗ ਮਾਂ ਨਾਲ ਆਪਣੇ ਪੇਕੇ ਘਰ ਰਹਿ ਰਹੀ ਸੀ। ਉਸਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ। ਉਸਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਜਦੋਂ ਔਰਤ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ ਤਾਂ ਉਸਦੀ ਮਾਂ ਨੇ ਸ਼ੋਰ ਮਚਾਇਆ। ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਬਹੁਤ ਮੁਸ਼ਕਲ ਨਾਲ ਅੱਗ ਬੁਝਾਈ। ਸਥਾਨਕ ਲੋਕਾਂ ਨੇ ਔਰਤ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ। ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ। ਬੱਸ ਸਟੈਂਡ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਅਨੁਸਾਰ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਔਰਤ ਦੀ ਨਾਜ਼ੁਕ ਹਾਲਤ ਕਾਰਨ ਉਸਦਾ ਬਿਆਨ ਅਜੇ ਦਰਜ ਨਹੀਂ ਕੀਤਾ ਜਾ ਸਕਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੀ ਸੀ।
