ਬਰਨਾਲਾ, 25 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਚੰਨਣਵਾਲ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਜਦੂਰ ਪਰਿਵਾਰ ਨਾਲ ਸਬੰਧਿਤ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਬੇਅੰਤ ਸਿੰਘ (26) ਦੇ ਪਿਤਾ ਭੁਪਿੰਦਰ ਸਿੰਘ ਵਾਸੀ ਚੰਨਣਵਾਲ ਨੇ ਦੱਸਿਆ ਕਿ ਮੇਰਾ ਬੇਟਾ ਪਿਛਲੇ ਸਮੇਂ ਤੋਂ ਚਿੱਟੇ ਦਾ ਟੀਕਾ ਲਗਾ ਰਿਹਾ ਸੀ। ਪਰਿਵਾਰ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਪਰਿਵਾਰ ਬੇਅੰਤ ਸਿੰਘ ਨੂੰ ਸਮਝਾਉਣ ਦੇ ਯਤਨ ਕਰਦਾ ਤਾਂ ਉਹ ਸਾਡੇ ਨਾਲ ਝਗੜਾ ਕਰਦਾ। ਉਹਨਾਂ ਕਿਹਾ ਕਿ ਹੁਣ ਤਾਂ ਚਿੱਟੇ ਦੇ ਨਸ਼ੇ ਦਾ ਉਸਤੇ ਇੰਨਾਂ ਅਸਰ ਸੀ ਕਿ ਉਹ ਘਰ ਵਿੱਚ ਚੋਰੀਆਂ ਵੀ ਕਰਨ ਲੱਗ ਗਿਆ ਸੀ। ਸ਼ੁੱਕਰਵਾਰ ਦੀ ਰਾਤ ਉਹ ਬਾਹਰੋ ਚਿੱਟੇ ਦਾ ਟੀਕਾ ਲਗਾਕੇ ਘਰ ਆ ਗਿਆ, ਰੋਟੀ ਖਾਣ ਤੋਂ ਬਾਅਦ ਜਿਆਦਾ ਨਸ਼ਾ ਕੀਤਾ ਹੋਣ ਕਰਕੇ ਉਸਦੀ ਮੌਤ ਹੋ ਗਈ। ਇਸ ਮੌਕੇ ਪਿੰਡ ਦੀ ਪੰਚਾਇਤ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।

Posted inਬਰਨਾਲਾ