ਬਰਨਾਲਾ, 23 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਅਸਪਾਲ ਕਲਾਂ ਦੀ 13 ਸਾਲਾਂ ਤੋਂ ਲਾਪਤਾ ਲੜਕੀ ਨੂੰ ਹਰਿਆਣਾ ਪੁਲਿਸ ਨੇ ਲੱਭ ਕੇ ਵਾਰਸਾਂ ਨੂੰ ਸੌਂਪਿਆ ਹੈ। ਲੜਕੀ ਦੇ ਵਾਰਸਾਂ ਵੱਲੋਂ ਹਰਿਆਣਾ ਪੁਲਿਸ ਦੇ ਇੱਕ ਸਬ ਇੰਸਪੈਕਟਰ ਰਾਜੇਸ਼ ਕੁਮਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ । 13 ਸਾਲਾਂ ਬਾਅਦ ਆਪਣੇ ਮਾਪਿਆਂ ਨੂੰ ਮਿਲੀ ਲੜਕੀ ਭਾਰਤੀ ਦੀ ਮਾਤਾ ਰੀਨਾ ਰਾਣੀ ਨੇ ਦੱਸਿਆ ਕਿ ਹਰਿਆਣਾ ਪੁਲਿਸ ਦੇ ਰਾਜੇਸ਼ ਕੁਮਾਰ ਦੀ ਮਿਹਨਤ ਸਦਕਾ ਹੀ ਅੱਜ ਉਨ੍ਹਾਂ ਨੂੰ ਆਪਣੀ ਬੱਚੀ ਭਾਰਤੀ ਘਰ ਵਾਪਸ ਮਿਲੀ ਹੈ। ਰੀਨਾ ਰਾਣੀ ਨੇ ਕਿਹਾ ਕਿ ਉਸ ਦੇ ਪੰਜ ਬੱਚੇ ਹਨ। ਭਾਰਤੀ ਆਪਣੇ ਭਰਾ ਨਾਲ ਹਰਿਆਣਾ ਦੇ ਸੋਨੀਪਤ ਵਿੱਚ ਦਾਦਾ-ਦਾਦੀ ਕੋਲ ਰਹਿੰਦੀ ਸੀ। 15 ਸਾਲ ਪਹਿਲਾਂ ਜਦ ਭਾਰਤੀ ਦੀ ਉਮਰ ਮਹਿਜ਼ 6 ਸਾਲ ਅਤੇ ਉਸਦੇ ਭਰਾ ਦੀ ਉਮਰ 7 ਸਾਲ ਦੀ ਸੀ, ਉਹ ਦੋਵੇਂ ਭੈਣ ਭਰਾ ਘਰੋਂ ਚਲੇ ਗਏ ਪਰ ਵਾਪਸ ਨਹੀਂ ਪਰਤੇ । ਆਪਣੇ ਭਰਾ ਤੋਂ ਅਲੱਗ ਹੋਈ ਭਾਰਤੀ ਸੋਨੀਪਤ ਜ਼ਿਲ੍ਹੇ ਵਿੱਚ ਬਣੀ ਬਾਲ ਗ੍ਰਾਮ ਰਾਈ ਐਨਜੀਓ ਵਿੱਚ ਰਹਿ ਰਹੀ ਸੀ। ਸਬ ਇੰਸਪੈਕਟਰ ਰਜੇਸ਼ ਕੁਮਾਰ ਨੇ ਇੱਕ ਸਾਲ ਪਹਿਲਾਂ ਹੀ ਉਹਨਾਂ ਦੇ ਪੁੱਤ ਨੂੰ ਵੀ ਲੱਭਣ ਵਿੱਚ ਵੱਡਾ ਸਹਿਯੋਗ ਕੀਤਾ ਸੀ,ਜੋ ਦਿੱਲੀ ਵਿੱਚ ਰਹਿ ਰਿਹਾ ਹੈ। ਦੁਬਾਰਾ ਫਿਰ ਰਜੇਸ਼ ਕੁਮਾਰ ਦੀ ਮਿਹਨਤ ਸਦਕਾ 13 ਸਾਲਾਂ ਬਾਅਦ ਅੱਜ ਉਹਨਾਂ ਦੀ ਧੀ ਭਾਰਤੀ ਵੀ ਵਾਪਸ ਪਰਿਵਾਰ ਨੂੰ ਮਿਲੀ ਹੈ। ਇਸ ਮੌਕੇ ਘਰ ਪਹੁੰਚੀ ਭਾਰਤੀ ਨੇ ਪਹਿਲਾਂ ਉਸ ਲਈ ਮਸੀਹਾ ਬਣੇ ਹਰਿਆਣਾ ਪੁਲਿਸ ਦੇ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਦਾ ਧੰਨਵਾਦ ਕੀਤਾ ਜਿਨਾਂ ਦੀ ਬਦੌਲਤ ਉਹ 13 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕੀ ਹੈ। ਉਹਨਾਂ ਨੇ ਦੱਸਿਆ ਕਿ 13 ਸਾਲ ਉਸਨੇ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਇੱਕ ਐਨਜੀਓ ਵਿੱਚ ਬਤੀਤ ਕੀਤੇ ਹਨ। ਭਾਰਤ ਨੇ ਦੱਸਿਆ ਕਿ ਉਹ ਆਪਣੇ ਦਾਦਾ ਕੋਲ ਹਰਿਆਣਾ ਵਿੱਚ ਰਹਿੰਦੇ ਸਨ ,ਜਿੱਥੇ ਦੋਵੇਂ ਭੈਣ-ਭਰਾ ਅਲੱਗ-ਅਲੱਗ ਲਾਪਤਾ ਹੋ ਗਏ ਸਨ,ਜਿੱਥੇ ਉਸਨੂੰ ਹਰਿਆਣਾ ਦੀ ਇੱਕ ਫੈਮਿਲੀ ਨੇ ਉਹਨਾਂ ਨੇ ਹਰਿਆਣਾ ਪੁਲਿਸ ਨੂੰ ਸੌਂਪ ਦਿੱਤਾ, ਜਿਨ੍ਹਾਂ ਨੇ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੀ ਇੱਕ ਐਨਜੀਓ ਬਾਲ ਗ੍ਰਾਮ ਰਾਈ ਭੇਜ ਦਿੱਤਾ ਸੀ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਦੇ ਅਧਿਕਾਰੀ ਰਾਜੇਸ਼ ਕੁਮਾਰ ਨੇ ਉਹਨਾਂ ਦੇ ਸਾਰੇ ਕੇਸ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਅੱਜ ਉਹ ਆਪਣੇ ਪਰਿਵਾਰ ਵਿੱਚ ਪਹੁੰਚੀ ਹੈ। ਭਾਰਤੀ ਨੇ ਦੱਸਿਆ ਕਿ ਐਨਜੀਓ ਵੱਲੋਂ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਸਾਰੀਆਂ ਸਹੂਲਤਾਂ ਦੇਕੇ ਆਪਣੇ ਪਰਿਵਾਰਿਕ ਮੈਂਬਰ ਵਾਂਗ ਰੱਖਿਆ ਗਿਆ ਅਤੇ ਦਸਵੀਂ ਦੇ ਪੇਪਰ ਵੀ ਦਿੱਤੇ ਹਨ। ਭਾਰਤੀ ਦਾ ਸੁਪਨਾ ਹੈ ਕਿ ਉਹ ਚੰਗੀ ਪੜ੍ਹਾਈ ਹਾਸਿਲ ਕਰਕੇ ਵਧੀਆ ਪੁਲਿਸ ਅਧਿਕਾਰੀ ਬਣੇ।

