Posted inBarnala ਹੰਡਿਆਇਆ ਦਾ ਕਿਸਾਨ ਗੁਰਜੀਤ ਸਿੰਘ ਬਣ ਰਿਹਾ ਹੋਰਨਾਂ ਕਿਸਾਨਾਂ ਲਈ ਮਿਸਾਲ Posted by overwhelmpharma@yahoo.co.in April 26, 2025No Comments – ਬਰਨਾਲਾ ਦੇ ਕਿਸਾਨ ਵੱਲੋਂ ਕਣਕ ਦੇ ਨਾੜ ਦੀਆਂ ਬਣਾਈਆਂ ਜਾ ਰਹੀਆਂ ਨੇ ਬੇਲਰ ਨਾਲ ਗੰਢਾਂ ਬਰਨਾਲਾ, 26 ਅਪ੍ਰੈਲ (ਰਵਿੰਦਰ ਸ਼ਰਮਾ) : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਵਾਤਾਵਰਣ ਪ੍ਰਦੂਸ਼ਣ ਬਹੁਤ ਵੱਡੀ ਸਮੱਸਿਆ ਹੈ ਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੁੰਦਾ ਹੈ। ਉਹਨਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਪਰਾਲੀ ਦੇ ਸੀਜ਼ਨ ਵਿੱਚ ਲਗਭਗ 90 ਪ੍ਰਤੀਸ਼ਤ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ਵਿੱਚ ਕਮੀ ਰਹੀ, ਜਿਸ ਲਈ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਵਧਾਈ ਦੇ ਪਾਤਰ ਹਨ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਕਣਕ ਦੇ ਨਾੜ ਦੀ ਆਮ ਤੌਰ ‘ਤੇ ਸਾਰੇ ਕਿਸਾਨ ਤੂੜੀ ਬਣਾ ਕੇ ਖੇਤਾਂ ਨੂੰ ਵੇਹਲਾ ਕਰਦੇ ਹਨ, ਪਰ ਬਰਨਾਲਾ ਜ਼ਿਲ੍ਹੇ ਦਾ ਕਿਸਾਨ ਗੁਰਜੀਤ ਸਿੰਘ ਤੇ ਇਸ ਦੇ ਸਾਥੀ ਕਣਕ ਦੇ ਸੀਜ਼ਨ ਦੌਰਾਨ ਕਣਕ ਦੇ ਨਾੜ ਦੀਆਂ ਗੰਢਾਂ ਬਣਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇੱਕ ਵੱਖਰਾ ਤੇ ਸਾਲਾਘਾਯੋਗ ਉਪਰਾਲਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਬੇਲਰ ਮਾਲਕ ਵੀ ਆਪਣੇ ਬੇਲਰ ਦੀ ਵਰਤੋਂ ਕਰ ਸਕਦੇ ਹਨ ਤੇ ਕਣਕ ਦੇ ਨਾੜ ਤੋਂ ਵੀ ਕਮਾਈ ਕਰ ਸਕਦੇ ਹਨ ਤੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਸਬੰਧੀ ਕਿਸਾਨ ਗਰੁਜੀਤ ਸਿੰਘ ਵਾਸੀ ਹੰਡਿਆਇਆ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਹੁਣ ਤੱਕ ਉਹ 100 ਏਕੜ ਤੋਂ ਵੱਧ ਕਣਕ ਦੇ ਨਾੜ ਦੀਆਂ ਗੰਢਾਂ ਬਣਾ ਚੁੱਕਾ ਹੈ, ਜਿਸ ਵਿੱਚ ਉਸਨੇ ਹੰਡਿਆਇਆ ਵਿਖੇ ਹਰਦੀਪ ਸਿੰਘ 8 ਏਕੜ, ਬਲਜੀਤ ਸਿੰਘ 5 ਏਕੜ, ਸਿਮਰਜੀਤ ਸਿੰਘ 22 ਏਕੜ, ਗੁਰਪ੍ਰੀਤ ਸਿੰਘ 19 ਏਕੜ, ਜਸਪ੍ਰੀਤ ਸਿੰਘ 11 ਏਕੜ, ਜਸਨਦੀਪ ਸਿੰਘ 9 ਏਕੜ, ਅਮਨਦੀਪ ਸਿੰਘ 7 ਏਕੜ, ਗੁਲਾਬ ਸਿੰਘ 14 ਏਕੜ, ਗੁਰਦੀਪ ਸਿੰਘ 7 ਏਕੜ ਤੱਕ ਬਣਾ ਚੁੱਕਾ ਹੈ, ਬਾਕੀ ਉਸ ਕੋਲ ਹੋਰ ਬੁਕਿੰਗ ਕਾਫੀ ਆ ਰਹੀ ਹੈ। ਕਿਸਾਨ ਨੇ ਦੱਸਿਆ ਕਿ ਫਿਲਹਾਲ ਉਹ ਆਪਣੀਆਂ ਕਣਕ ਦੇ ਨਾੜ ਦੀਆਂ ਗੰਢਾਂ ਨੂੰ ਆਪਣੇ ਖੇਤ ਵਿੱਚ ਡੰਪ ਕਰ ਰਿਹਾ ਹੈ। ਡਾ.ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਕਿਹਾ ਕਿ ਸਾਰੇ ਬੇਲਰ ਵਾਲੇ ਪਰਾਲੀ ਦੀਆਂ ਹੀ ਗੰਢਾਂ ਬਣਾਉਂਦੇ ਹਨ, ਕਿਸਾਨ ਗੁਰਜੀਤ ਸਿੰਘ ਤੇ ਸਾਥੀਆਂ ਦਾ ਇਹ ਇੱਕ ਵੱਖਰਾ ਉਪਰਾਲਾ ਹੈ ਜੋ ਕਣਕ ਦੇ ਨਾੜ ਦੀਆਂ ਗੰਢਾਂ ਬਣਾ ਰਹੇ ਹਨ, ਉਹਨਾਂ ਕਿਹਾ ਕਿ ਕਣਕ ਦੇ ਨਾੜ ਦੀ ਤੂੜੀ ਬਣਾਈ ਜਾਂਦੀ ਹੈ, ਜਿਸ ਨੂੰ ਸਟੋਰ ਕਰਨ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ, ਉੱਥੇ ਕਣਕ ਦੇ ਨਾੜ ਦੀਆਂ ਗੰਢਾਂ ਨੂੰ ਸਾਂਭਣਾ ਵੀ ਸੌਖਾ ਹੈ, ਜੇਕਰ ਕਿਸਾਨ ਚਾਹੇ ਤਾਂ ਇਹਨਾਂ ਗੰਢਾਂ ਵੀ ਵੇਚ ਸਕਦਾ ਹੈ ਜਾਂ ਫਿਰ ਇਹਨਾਂ ਗੰਢਾਂ ਦੀ ਭਵਿੱਖ ਵਿੱਚ ਤੂੜੀ ਬਣਾ ਕੇ ਵੀ ਵੇਚੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਦੇ ਇਸ ਉੱਦਮ ਦੀ ਸਾਲਾਘਾ ਕੀਤੀ ਤੇ ਹੋਰਨਾਂ ਕਿਸਾਨਾਂ ਨੂੰ ਕਿਸਾਨ ਗੁਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਤੋਂ ਸੇਧ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਆਪਣੇ ਜ਼ਿਲ੍ਹੇ ਦੇ ਕਿਸਾਨ ਵਾਤਾਵਰਣ ਪ੍ਰਤੀ ਚਿੰਤਤ ਹੋ ਚੁੱਕੇ ਹਨ ਤਾਂ ਵਾਤਾਵਰਣ ਵਿੱਚ ਹੋ ਰਹੀ ਤਬਦੀਲੀ ਨੂੰ ਜਲਦੀ ਹੀ ਠੱਲ ਪਾਈ ਜਾ ਸਕੇਗੀ। Post navigation Previous Post ਪੰਜਾਬ ਨੂੰ ਬਚਾਉਣਾ ਤਾਂ ਅਕਾਲੀ ਦਲ ਨੂੰ ਤਕੜਾ ਕਰੋ : ਸੁਖਬੀਰ ਬਾਦਲNext Postਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨ ਦਾ ਦਿੱਤਾ ਸੱਦਾ