– ਸਰਕਾਰ ’ਤੇ ਜੰਮ ਕੇ ਵਰ੍ਹੇ ਕਿਸਾਨ
ਬਰਨਾਲਾ, 1 ਜੁਲਾਈ (ਰਵਿੰਦਰ ਸ਼ਰਮਾ) : ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪਿੰਡਾਂ ਦੀਆਂ ਸੜਕਾਂ ਦੀ ਸਰਕਾਰ ਵਲੋਂ ਸਾਰ ਨਾ ਲਏ ਜਾਣ ਤੋਂ ਦੁਖੀ ਪਿੰਡਾਂ ਦੇ ਲੋਕਾਂ ਵਲੋਂ ਪੀਡਬਲਯੂਡੀ ਦਫ਼ਤਰ ਦਾ ਘਿਰਾਉ ਕਰਕੇ ਧਰਨਾ ਲਗਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਪੰਜਾਬ ਦੀ ‘ਆਪ’ ਸਰਕਾਰ ਅਤੇ ਪੀਡਬਲਯੂਡੀ ਮਹਿਕਮੇ ਵਿਰੁੱਧ ਜੰਮ ਕੇ ਆਪਣੀ ਭੜਾਸ ਕੱਢੀ। ਸਰਕਾਰ ਉਪਰ ਰੰਗਲਾ ਪੰਜਾਬ ਬਣਾਉਣ ਦੀ ਥਾਂ ਪੰਜਾਬ ਦਾ ਬੇੜਾ ਗਰਕ ਕਰਨ ਦੇ ਦੋਸ਼ ਲਗਾਏ ਗਏ। ਧਰਨਾਕਾਰੀਆਂ ਨੇ ਕਿਹਾ ਕਿ ਜਿੰਨਾਂ ਸਮਾਂ ਉਹਨਾਂ ਦੇ ਪਿੰਡਾਂ ਦੀਆਂ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੁੰਦਾ, ਉਹ ਆਪਣਾ ਧਰਨਾ ਇੱਥੋਂ ਹਟਾਉਣ ਵਾਲੇ ਨਹੀਂ ਹਨ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਜ਼ਿਲਾ ਬਰਨਾਲਾ ਦੇ ਕਈ ਪਿੰਡਾਂ ਵੱਲੋਂ ਪੀ ਡਬਲਯੂ ਡੀ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਇਹ ਆਖ ਰਹੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿੱਤਾ ਜਾਵੇਗਾ ਪਰ ਆਪ ਸਰਕਾਰ ਨੂੰ ਬਣੇ ਤਿੰਨ ਸਾਲ ਦੇ ਕਰੀਬ ਹੋ ਗਏ ਹਨ। ਉਹਨਾਂ ਨੂੰ ਰੰਗਲਾ ਪੰਜਾਬ ਬਣਦਾ ਨਹੀਂ ਦਿਖ ਰਿਹਾ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰ ਦੇ ਸਮੇਂ ਕੁਝ ਕੰਮ ਹੁੰਦੇ ਸਨ ਪਰ ਇਸ ਸਰਕਾਰ ਵੱਲੋਂ ਸਾਰੇ ਕੰਮ ਬੰਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਬਰਨਾਲੇ ਜਿਲ੍ਹੇ ਦੀਆਂ ਲੋਕਲ ਸੜਕਾਂ ਨੂੰ ਬਣੇ ਨੌ ਸਾਲ ਦੇ ਕਰੀਬ ਹੋ ਗਏ ਹਨ, ਜਿੰਨਾ ਉੱਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਲੁੱਕ ਨਹੀਂ ਪਾਈ ਗਈ। ਜਿਸ ਕਾਰਨ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ। ਉਹਨਾਂ ਕਿਹਾ ਕਿ ਧਨੌਲਾ ਤੋਂ ਛੰਨਾ, ਧੌਲਾ ਤੱਕ ਦਾ ਪ੍ਰਪੋਜਲ ਸੈਂਟਰ ਵੱਲੋਂ ਦਿੱਤਾ ਗਿਆ ਹੈ, ਜਿਸ ਵਿੱਚ 18 ਫੁੱਟੀ ਸੜਕ ਬਣਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਧਨੌਲਾ ਤੋਂ ਭੱਠਲਾਂ ਦੀ ਸੜਕ ਦਾ ਕੰਮ ਧਰਨੇ ਪ੍ਰਦਰਸ਼ਨ ਕਰਕੇ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਕੰਮ ਬਹੁਤ ਸੁਸਤੀ ਨਾਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਹਰੀਗੜ੍ਹ ਤੋਂ ਭੈਣੀ ਮਹਿਰਾਜ ਨੂੰ ਜਾਂਦੀ ਸੜਕ ਉੱਪਰ ਵੱਟੇ ਪਾਏ ਹੋਏ ਹਨ, ਜਿਸ ਉੱਪਰ ਅਜੇ ਤੱਕ ਲੁੱਕ ਨਹੀਂ ਪਾਈ ਗਈ, ਜਿਸ ਕਾਰਨ ਉਸ ਸੜਕ ਉੱਪਰ ਲੰਬੇ ਸਮੇਂ ਤੋਂ ਹਾਦਸੇ ਵਾਪਰ ਰਹੇ ਹਨ। ਉਹਨਾਂ ਕਿਹਾ ਕਿ ਦਾਨਗੜ੍ਹ ਵੱਲ ਜਾਂਦੀ ਸੜਕ ਉੱਪਰ ਧਰਨੇ ਮੁਜ਼ਾਹਰੇ ਕਰਕੇ ਉਸ ਉਪਰ ਲੁੱਕ ਪਵਾਈ ਗਈ ਹੈ, ਪਰ ਫਿਰ ਵੀ ਇਹ ਸੜਕ ਸਕੂਲ ਦੇ ਪਿੱਛੇ ਤੱਕ ਅਧੂਰੀ ਛੱਡ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸੜਕ ਉੱਪਰ ਸਕੂਲ ਤੋਂ ਲੈ ਕੇ ਕੱਟੂ ਤੱਕ ਵੱਟੇ ਪਾਏ ਹੋਏ ਹਨ, ਜਿਸ ਉੱਪਰ ਲੁੱਕ ਪੈਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਭੈਣੀ ਜੱਸਾ ਤੋਂ ਧੌਲੇ ਵੱਲ ਸੜਕ ਮਨਜ਼ੂਰ ਕੀਤੀ ਗਈ ਹੈ, ਪਰ ਇਸ ਸੜਕ ਉੱਪਰ ਕੰਮ ਚਾਲੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮਾਨਸਾ ਦੀ ਸੜਕ ਤੋਂ ਲੈ ਕੇ ਛੰਨਾ, ਭੈਣੀ ਜੱਸਾ, ਕਾਲੇਕੇ ਦੀਆਂ ਸੜਕਾਂ ਪ੍ਰਧਾਨ ਮੰਤਰੀ ਯੋਜਨਾ ਦੁਆਰਾ ਬਣਾਈਆਂ ਗਈਆਂ ਨੂੰ ਨੌ ਸਾਲ ਦੇ ਕਰੀਬ ਹੋ ਗਏ ਹਨ। ਜਿਸ ਉੱਪਰ ਅੱਜ ਤੱਕ ਦੁਬਾਰਾ ਲੁੱਕ ਨਹੀਂ ਪਾਈ ਗਈ, ਜਿਸ ਕਾਰਨ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਭ੍ਰਿਸ਼ਟਾਚਾਰੀ ਚਾਰ ਐਮਐਲਏਜ ਨੂੰ ਕਲੀਨ ਚਿੱਟਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਰੰਗਲਾ ਪੰਜਾਬ ਨਹੀਂ ਬਣਾਇਆ ਗਿਆ ਪਰ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਮਾੜੀਆਂ ਸੜਕਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਦਾ ਕੰਮ ਤੁਰੰਤ ਚਾਲੂ ਕੀਤਾ ਜਾਵੇ ਅਤੇ 18 ਫੁੱਟੀਆਂ ਸੜਕਾਂ ਬਹਾਲ ਕੀਤੀਆਂ ਜਾਣ, ਜਿਸ ਸੜਕ ਉੱਪਰ ਵੱਟੇ ਪਾਏ ਗਏ ਹਨ।ਉਹਨਾਂ ਉੱਪਰ ਲੁੱਕ ਪਾਉਣ ਦਾ ਕੰਮ ਮੁਕੰਮਲ ਤੌਰ ਤੇ ਪੂਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਮੋਰਚਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਬਰਨਾਲਾ ਜਿਲਾ ਦੇ ਕਈ ਪਿੰਡ ਇਕੱਠੇ ਵੱਲੋਂ ਲਗਾਇਆ ਗਿਆ ਹੈ ਅਤੇ ਇਹ ਮੋਰਚਾ ਲਗਾਤਾਰ ਚੱਲੇਗਾ।

Posted inਬਰਨਾਲਾ