ਬਠਿੰਡਾ, 1 ਜੁਲਾਈ (ਰਵਿੰਦਰ ਸ਼ਰਮਾ) : ਅੱਜ ਮਹਿਲਾ ਥਾਣਾ ਵਿੱਚ ਉਸ ਸਮੇਂ ਹਾਹਾਕਾਰ ਮੱਚਦੀ ਹੋਈ ਨਜ਼ਰ ਆਈ, ਜਦੋਂ ਡੀਐਸਪੀ ਭੁੱਚੋ ਰਵਿੰਦਰ ਸਿੰਘ ਦੇ (ਪੀਐਸਓ) ਗਨਮੈਨ ਰਾਜਕੁਮਾਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਰੰਗੇ ਹੱਥੀ ਦਬੋਚਿਆ ਗਿਆ ਅਤੇ ਰਿਸ਼ਵਤ ਦੇ ਪੈਸੇ ਡੀਐਸਪੀ ਦੀ ਗੱਡੀ ਵਿੱਚੋਂ ਬਰਾਮਦ ਕੀਤੇ ਗਏ। ਵਿਜੀਲੈਂਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਰਮਜੀਤ ਕੌਰ ਵਾਸੀ ਕਲਿਆਣ ਸੁੱਕਾ ਨੇ ਮੁਕਦਮਾ ਨੰਬਰ 70 ਥਾਣਾ ਨਥਾਣਾ ਵਿਖੇ ਦਰਜ ਮਾਮਲੇ ਦੀ ਜਾਂਚ ਲਈ ਐਸਐਸਪੀ ਨੂੰ ਦਿੱਤੀ ਦਰਖਾਸਤ ਰਾਹੀਂ ਡੀਐਸਪੀ ਕੋਲ ਪਹੁੰਚੀ, ਦਰਖਾਸਤ ਦੀ ਜਾਂਚ ਅਧੀਨ ਡੀਐਸਪੀ ਭੁੱਚੋ ਰਵਿੰਦਰ ਸਿੰਘ ਦੇ ਗਨਮੈਨ ਰਾਜਕੁਮਾਰ ਨੇ ਪਰਿਵਾਰਿਕ ਮਸਲੇ ਨੂੰ ਸੁਲਝਾਉਣ ਲਈ ਮੁਦਈ ਪਰਮਜੀਤ ਕੌਰ ਤੋਂ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਪਰੰਤੂ ਪਰਿਵਾਰ 5 ਲੱਖ ਰੁਪਏ ਨਹੀਂ ਦੇ ਸਕਦਾ ਸੀ ਜਿਸ ਕਰਕੇ, ਉਹਨਾਂ ਨੇ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਅਤੇ ਫਿਰ ਟਰੈਪ ਲਗਾ ਕੇ 2 ਲੱਖ ਰੁਪਏ ਵਿੱਚ ਸਮਝੌਤਾ ਕਰਵਾਇਆ ਗਿਆ ਤੇ ਅੱਜ 1 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਪਰਮਜੀਤ ਕੌਰ ਵੱਲੋਂ ਰਿਸ਼ਵਤ ਦੇ ਦਿੱਤੇ ਗਏ ਪੈਸੇ ਰਾਜਕੁਮਾਰ ਨੇ ਡੀਐਸਪੀ ਦੀ ਗੱਡੀ ਵਿੱਚ ਰੱਖ ਦਿੱਤੇ ਅਤੇ ਮੌਕੇ ਤੇ ਵਿਜਲੈਂਸ ਦੀ ਟੀਮ ਵੱਲੋਂ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਜਿੱਥੇ ਰਾਜਕੁਮਾਰ ਨੂੰ ਗ੍ਰਫਤਾਰ ਕੀਤਾ ਗਿਆ ,ਉਥੇ ਹੀ ਡੀਐਸਪੀ ਦੀ ਗੱਡੀ ਵਿੱਚੋਂ ਪੈਸੇ ਬਰਾਮਦ ਕੀਤੇ ਗਏ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਡੀਐਸਪੀ ਭੁੱਚੋ ਦੀ ਭੂਮਿਕਾ ਵੀ ਸ਼ੱਕੀ ਨਜ਼ਰ ਆ ਰਹੀ ਹੈ, ਉਸ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਇਸ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਜੋ ਵੀ ਸ਼ਾਮਿਲ ਹੋਇਆ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਦਫਤਰ ਬਠਿੰਡਾ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮੁਦਈ ਪਰਮਜੀਤ ਕੌਰ ਨੇ ਦੱਸਿਆ ਕਿ ਜਮੀਨੀ ਵਿਵਾਦ ਦਾ ਇੱਕ ਪਰਚਾ ਦਰਜ ਹੋਇਆ ਸੀ ਜਿਸ ਦੀ ਜਾਂਚ ਲਈ ਉਹਨਾਂ ਵੱਲੋਂ ਐਸਐਸਪੀ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਦੀ ਜਾਂਚ ਲਈ ਡੀਐਸਪੀ ਭੁੱਚੋ ਨੂੰ ਆਦੇਸ਼ ਦਿੱਤੇ ਗਏ ਸਨ ਅਤੇ ਡੀਐਸਪੀ ਭੁੱਚੋ ਰਵਿੰਦਰ ਸਿੰਘ ਦੇ ਗਨਮੈਨ ਰਾਜਕੁਮਾਰ ਜੋ ਆਪਣੇ ਆਪ ਨੂੰ ਰੀਡਰ ਦੱਸਦਾ ਸੀ ਨੇਪ ਲੱਖ ਦੀ ਮੰਗ ਕੀਤੀ ਗਈ ਸੀ ਜਿਸ ਦੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਅੱਜ ਸਮਝੌਤੇ ਤਹਿਤ 1 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ ਜੋ ਡੀਐਸਪੀ ਦੀ ਗੱਡੀ ਵਿੱਚੋਂ ਬਰਾਮਦ ਕੀਤੇ ਗਏ ਹਨ। ਮੁਦਈ ਪਰਮਜੀਤ ਕੌਰ ਨੇ ਦੱਸਿਆ ਕਿ ਗਨਮੈਨ ਰਾਜ ਕੁਮਾਰ ਡੀਐਸਪੀ ਦੇ ਨਾਮ ਤੇ ਹੀ ਪੈਸਿਆਂ ਦੀ ਮੰਗ ਕਰਦਾ ਰਿਹਾ ਸੀ।
