ਸੰਗਰੂਰ, 2 ਜੁਲਾਈ (ਰਵਿੰਦਰ ਸ਼ਰਮਾ) : ਸਿਹਤ ਵਿਭਾਗ ਵੱਲੋਂ ਪਿੰਡ ਤਿਰੰਜੀਖੇੜਾ ’ਚ ਕੀਤੀ ਗਈ ਇਕ ਵੱਡੀ ਕਾਰਵਾਈ ਦੌਰਾਨ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ਦਾ ਖੁਲਾਸਾ ਹੋਇਆ ਹੈ। ਇਹ ਫੈਕਟਰੀ ਨਾਜਾਇਜ਼ ਤਰੀਕੇ ਨਾਲ ਇੱਕ ਰਿਹਾਇਸ਼ੀ ਕੋਠੀ ਵਿੱਚ ਚੱਲ ਰਹੀ ਸੀ, ਜਿੱਥੇ ਨਕਲੀ ਦੁੱਧ ਤਿਆਰ ਕਰਕੇ ਹੋਰ ਥਾਵਾਂ ’ਤੇ ਥੋਕ ਰੇਟ ’ਤੇ ਭੇਜਿਆ ਜਾ ਰਿਹਾ ਸੀ।
ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਸਹਾਇਤਾ ਨਾਲ ਇਸ ਕੋਠੀ ’ਚ ਰੇਡ ਮਾਰੀ, ਜਿਸ ਦੌਰਾਨ 1.50 ਕੁਇੰਟਲ ਤਿਆਰ ਨਕਲੀ ਦੁੱਧ, ਕਾਸਟਿਕ ਸੋਡਾ, ਰਿਫਾਇੰਡ ਤੇਲ, ਤਿੰਨ ਇਲੈਕਟ੍ਰਿਕ ਮਿਕਸਰ, ਬਰਫ਼ ਪਿਘਲਾਉਣ ਵਾਲਾ ਪਾਊਡਰ ਅਤੇ ਹੋਰ ਵੱਡੀ ਮਾਤਰਾ ’ਚ ਸਮਾਨ ਬਰਾਮਦ ਕੀਤਾ ਗਿਆ। ਜਾਣਕਾਰੀ ਅਨੁਸਾਰ, ਇਹ ਫੈਕਟਰੀ ਇੱਕ ਪਤੀ-ਪਤਨੀ ਦੀ ਜੋੜੀ ਚਲਾ ਰਹੀ ਸੀ ਜੋ ਨਕਲੀ ਦੁੱਧ ਨੂੰ ਇੱਕ ਠੇਕੇਦਾਰ ਰਾਹੀਂ ਵੱਖ-ਵੱਖ ਦੁਕਾਨਦਾਰਾਂ ਤੱਕ ਪਹੁੰਚਾ ਰਹੀ ਸੀ। ਦੋਹਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਚਲ ਰਹੀ ਹੈ।

ਸਿਹਤ ਵਿਭਾਗ ਅਧਿਕਾਰੀਆਂ ਦੇ ਅਨੁਸਾਰ, ਇਸ ਦੁੱਧ ਵਿੱਚ ਕਾਸਟਿਕ ਸੋਡਾ, ਰਿਫਾਇੰਡ ਤੇਲ, ਡਿਟਰਜਨਟ ਅਤੇ ਨੁਕਸਾਨਦਾਇਕ ਰੰਗਦਾਰ ਪਦਾਰਥ ਮਿਲਾ ਕੇ ਇਸਨੂੰ ਗਾਢਾ ਬਣਾਇਆ ਜਾਂਦਾ ਸੀ, ਜਿਸਨੂੰ ਆਮ ਦੁੱਧ ਦੀ ਤਰ੍ਹਾਂ ਪੈਕ ਕਰਕੇ ਹੇਠਲੇ ਪੱਧਰ ਦੇ ਇਲਾਕਿਆਂ ਵਿੱਚ ਵੰਡਿਆ ਜਾਂਦਾ ਸੀ।
ਇਸ ਕਾਰਵਾਈ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਲਾਕੇ ਦੇ ਉਹਨਾਂ ਦੁਕਾਨਦਾਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨੇ ਇਸ ਨਕਲੀ ਦੁੱਧ ਦੀ ਖਰੀਦ-ਫਰੋਖ਼ਤ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ’ਚ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਇਲਾਕੇ ਵਿੱਚ ਇਹ ਮਾਮਲਾ ਲੋਕਾਂ ਲਈ ਹੈਰਾਨੀ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਸਿਹਤ ਵਿਭਾਗ ਵੱਲੋਂ ਹੋਰ ਐਸੀਆਂ ਨਕਲੀ ਫੈਕਟਰੀਆਂ ਉੱਤੇ ਨਜ਼ਰ ਰੱਖਣ ਦੀ ਗੱਲ ਕਹੀ ਗਈ ਹੈ।