ਚੰਡੀਗੜ੍ਹ, 3 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਵਿੱਚ ਸੱਤਵੀਂ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਹੈ ਅਤੇ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਹੈ। ਅਰੋੜਾ ਨੇ ਪੰਜਾਬ ਦੇ ਰਾਜਪਾਲ ਦੀ ਮੌਜੂਦਗੀ ਵਿੱਚ ਰਾਜ ਭਵਨ ਵਿਖੇ ਹੋਏ ਇੱਕ ਸਾਦੇ ਸਮਾਗਮ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ।
‘ਮੈਂ ਪਾਰਟੀ ਦੇ ਨਾਲ ਹਾਂ’ : ਧਾਲੀਵਾਲ
‘ਆਪ’ ਨੇਤਾ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। “ਮੈਂ ਆਪਣੇ ਦਮ ‘ਤੇ ਅਸਤੀਫਾ ਦਿੱਤਾ ਹੈ। ਪੰਜਾਬ ਮੇਰੇ ਲਈ ਪਹਿਲਾਂ ਆਉਂਦਾ ਹੈ, ਅਹੁਦਾ ਅਤੇ ਵਿਭਾਗ ਮੇਰੇ ਲਈ ਮਹੱਤਵਪੂਰਨ ਨਹੀਂ ਹਨ। ਮੈਨੂੰ ਕਿਹਾ ਗਿਆ ਸੀ ਕਿ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ, ਇਸ ਲਈ ਮੈਂ ਕਿਹਾ ਹਾਂ, ਜ਼ਰੂਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ,ਅਤੇ ਇਸੇ ਲਈ ਮੈਂ ਅਸਤੀਫਾ ਦੇ ਦਿੱਤਾ ਹੈ। ਕੋਈ ਸਮੱਸਿਆ ਨਹੀਂ ਹੈ, ਮੈਂ ਪਾਰਟੀ ਦੇ ਨਾਲ ਹਾਂ।” ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵਾਂ ਨੂੰ ਬਹੁਤ ਸਮੇਂ ਤੋਂ ਜਾਣਦਾ ਹਾਂ। ਮੈਂ ਸਿਰਫ਼ ਕੇਜਰੀਵਾਲ ਲਈ ਅਮਰੀਕਾ ਛੱਡਿਆ ਸੀ। ਮੈਂ 1992 ਤੋਂ ਭਗਵੰਤ ਮਾਨ ਦਾ ਦੋਸਤ ਹਾਂ। ਪਾਰਟੀ ਮੈਨੂੰ ਜੋ ਵੀ ਡਿਊਟੀ ਸੌਂਪੇਗੀ, ਮੈਂ ਉਸਨੂੰ ਪੂਰਾ ਕਰਾਂਗਾ।
