ਚੰਡੀਗੜ੍ਹ, 4 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਫਰੀਦਕੋਟ ਦੇ ਡੀਐਸਪੀ (ਕ੍ਰਾਈਮ ਅਗੈਂਸਟ ਵੂਮੈਨ) ਰਾਜਨਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਨੇ ਆਪਣੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਰੱਦ ਕਰਵਾਉਣ ਲਈ 1 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਦੇ ਖ਼ਿਲਾਫ ਮਾਨ ਸਰਕਾਰ ਦੀ ਜੀਰੋ ਟੋਲਰੈਂਸ ਨੀਤੀ ਹੈ।
ਭ੍ਰਿਸ਼ਟਾਚਾਰ ਦੀ ਹੋਈ ਸੀ ਸ਼ਿਕਾਇਤ
ਜਾਣਕਾਰੀ ਮੁਤਾਬਕ, ਜਦੋਂ ਡੀਐਸਪੀ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਹੋਈ, ਤਾਂ ਉਸ ਸਮੇਂ ਐਸਪੀ ਨੇ ਇਹ ਮਾਮਲਾ ਸੈਟਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਡੀਐਸਪੀ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ। ਪੁਲਿਸ ਨੇ ਡੀਐਸਪੀ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ ਐਫਆਈਆਰ (FIR) ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਡੀਐਸਪੀ ਇੱਕ ਮੈਟ੍ਰਿਮੋਨੀਅਲ ਵਿਵਾਦ ਨਾਲ ਸੰਬੰਧਤ ਮਾਮਲਾ ਦੇਖ ਰਿਹਾ ਸੀ। ਇਸ ਦੌਰਾਨ ਉਸਨੇ ਪੈਸੇ ਲਏ ਸਨ, ਜਿਸ ਤੋਂ ਬਾਅਦ ਡੀਐਸਪੀ ਦੀ ਸ਼ਿਕਾਇਤ ਐਸ.ਐਸ.ਪੀ. ਦਫ਼ਤਰ ‘ਚ ਕੀਤੀ ਗਈ। ਇਸ ਤੋਂ ਬਾਅਦ ਉਹ ਮਾਮਲੇ ਨੂੰ ਰਫਾ-ਦਫਾ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਉਸਨੇ ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਇੱਕ ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹਾਲ ਦੇ ਵਿੱਚ 25 ਪੁਲਿਸ ਕਰਮੀਆਂ ਉੱਤੇ ਵੱਡਾ ਐਕਸ਼ਨ ਹੋਇਆ
ਪਿਛਲੇ ਹਫ਼ਤੇ 28 ਜੁਲਾਈ ਨੂੰ ਪੰਜਾਬ ਸਰਕਾਰ ਨੇ ਜੇਲ੍ਹਾਂ ਦੇ ਅੰਦਰ ਚੱਲ ਰਹੇ ਭ੍ਰਿਸ਼ਟਾਚਾਰ ਅਤੇ ਨਸ਼ਾ ਤਸਕਰੀ ਦੇ ਨੈਟਵਰਕ ਵਿਰੁੱਧ ਵੱਡੀ ਕਾਰਵਾਈ ਕੀਤੀ ਸੀ। ਇਸ ਦੌਰਾਨ 25 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਸੀ।
ਸੂਬਾ ਸਰਕਾਰ ਨੇ ਸਾਫ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਦੇ ਖ਼ਿਲਾਫ ਮਾਨ ਸਰਕਾਰ ਦੀ ਜੀਰੋ ਟੋਲਰੈਂਸ ਨੀਤੀ ਹੈ। ਜਿਸ ਕਰਕੇ ਕਈ ਪੁਲਿਸ ਕਰਮੀਆਂ ਉੱਤੇ ਪਹਿਲਾਂ ਵੀ ਗਾਜ਼ ਡਿੱਗ ਚੁੱਕੀ ਹੈ, ਜੋ ਕਿ ਆਪਣੇ ਕੰਮ ਦੇ ਵਿੱਚ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਵਰਤ ਰਹੇ ਸਨ।
