– ਸਿਵਲ ਹਸਪਤਾਲ ਪਾਰਕ ਨੂੰ ਉਜਾੜਨ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ – ਸੋਹਣ ਸਿੰਘ ਮਾਝੀ
– ਜੱਚਾ ਬੱਚਾ ਨਰਸਰੀ ਤੁਰੰਤ ਚਾਲੂ ਕੀਤੀ ਜਾਵੇ – ਪ੍ਰੇਮ ਕੁਮਾਰ
ਬਰਨਾਲਾ, 10 ਜੁਲਾਈ (ਰਵਿੰਦਰ ਸ਼ਰਮਾ) : ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦਾ ਵਫ਼ਦ ਸੋਹਣ ਸਿੰਘ ਮਾਝੀ ਅਤੇ ਪ੍ਰੇਮ ਕੁਮਾਰ ਦੀ ਅਗਵਾਈ ਵਿੱਚ ਐਸਡੀਐਮ ਬਰਨਾਲਾ ਨੂੰ ਸਿਵਲ ਹਸਪਤਾਲ ਵਿੱਚ ਬਣੇ ਪਾਰਕ ਨੂੰ ਉਜਾੜਨ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਅਤੇ ਜੱਚਾ ਬੱਚਾ ਨਰਸਰੀ ਨੂੰ ਚਾਲੂ ਕਰਨ ਸਬੰਧੀ ਮਿਲਿਆ। ਵਫਦ ਦੀ ਐਸਐਮਓ ਸਿਵਲ ਹਸਪਤਾਲ ਬਰਨਾਲਾ ਦੀ ਹਾਜ਼ਰੀ ਵਿੱਚ ਐਸਡੀਐਮ ਬਰਨਾਲਾ ਨਾਲ ਵਿਸਥਾਰ ਵਿੱਚ ਹੋਈ ਗੱਲਬਾਤ ਸਬੰਧੀ ਜਾਣਕਾਰੀ ਦਿੰਦਿਆਂ ਨਰਾਇਣ ਦੱਤ, ਰਜਿੰਦਰ ਪਾਲ, ਖ਼ੁਸ਼ੀਆ ਸਿੰਘ, ਰਮੇਸ਼ ਹਮਦਰਦ, ਗੁਰਪ੍ਰੀਤ ਰੂੜੇਕੇ, ਮੇਲਾ ਸਿੰਘ ਕੱਟੂ, ਅਨਿਲ ਕੁਮਾਰ, ਬਿੱਕਰ ਸਿੰਘ ਔਲਖ ਅਤੇ ਸ਼ੇਰ ਸਿੰਘ ਫਰਵਾਹੀ ਨੇ ਦੱਸਿਆ ਕਿ ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ ਸੁਵਿਧਾ ਕੇਂਦਰ ਬਿਲਡਿੰਗ ਨੂੰ ਬਨਾਉਣ ਲਈ ਸਿਵਲ ਹਸਪਤਾਲ ਪਾਰਕ ਦੀ ਥਾਂ ਮਿਥੀ ਗਈ ਹੈ। ਚੁੱਪ ਚਪੀਤੇ ਪਾਰਕ ਵਿੱਚ ਇਹ ਬਿਲਡਿੰਗ ਉਸਾਰਨ ਲਈ ਨੀਹਾਂ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਿਵਲ ਹਸਪਤਾਲ ਬਚਾਓ ਕਮੇਟੀ ਨੂੰ ਇਸ ਗੱਲ ਦੀ ਭਿਣਕ ਪੈਣ ‘ਤੇ ਫੌਰੀ ਤੌਰ ‘ਤੇ ਆਗੂਆਂ ਨੇ ਐਸ ਐਮ ਓ ਸਿਵਲ ਹਸਪਤਾਲ ਬਰਨਾਲਾ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਕਿ ਇਹ ਸੁਵਿਧਾ ਕੇਂਦਰ ਉਸਾਰਨ ਦੇ ਨਾਂ ਹੇਠ ਸਿਵਲ ਹਸਪਤਾਲ ਪਾਰਕ ਨੂੰ ਉਜਾੜਨਾ ਬੰਦ ਕੀਤਾ ਜਾਵੇ। ਕਮੇਟੀ ਨੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਨਵੀਂ ਬਿਲਡਿੰਗ ਲਈ ਹਸਪਤਾਲ ਦੇ ਗੇਟ ਦੇ ਨਾਲ ਚੱਲ ਰਹੀ ਕੰਟੀਨ ਨੂੰ ਸਿਵਲ ਹਸਪਤਾਲ ਵਿੱਚ ਹੀ ਮੌਜੂਦ ਢੁੱਕਵੀਂ ਥਾਂ ’ਤੇ ਤਬਦੀਲ ਕੀਤਾ ਜਾਵੇ ਅਤੇ ਕੰਟੀਨ ਵਾਲੀ ਥਾਂ ਤੇ ਸੁਵਿਧਾ ਕੇਂਦਰ ਬਿਲਡਿੰਗ ਉਸਾਰੀ ਜਾਵੇ। ਕਮੇਟੀ ਵੱਲੋਂ ਦਲੀਲ ਸਹਿਤ ਰੱਖੀ ਗਈ ਗੱਲਬਾਤ ਨਾਲ ਸਹਿਮਤ ਹੁੰਦੇ ਹੋਏ ਐਸਡੀਐਮ ਬਰਨਾਲਾ ਨੇ ਸਿਵਲ ਹਸਪਤਾਲ ਬਚਾਓ ਕਮੇਟੀ ਵੱਲੋਂ ਬਦਲਵੀਂ ਥਾਂ ‘ਤੇ ਉਸਾਰੀ ਵਿੰਗ ਦੀ ਮੌਜੂਦਾ ਜੇਈ ਨੂੰ ਤਜਵੀਜ਼ ਬਣਾਕੇ ਭੇਜਣ ਦੀ ਹਦਾਇਤ ਕੀਤੀ। ਆਗੂਆਂ ਕਿਹਾ ਕਿ ਪਾਰਕ ਹੀ ਇੱਕ ਅਜਿਹੀ ਥਾਂ ਹੈ ਜਿੱਥੇ ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਖੁੱਲ੍ਹੇ ਥਾਂ ਬੈਠਕੇ ਆਰਾਮ ਕਰ ਸਕਦੇ ਹਨ। ਸੌੜੇ ਹਿੱਤਾਂ ਲਈ ਸਿਵਲ ਹਸਪਤਾਲ ਪਾਰਕ ਨੂੰ ਉਜਾੜਨ ਦੀ ਕਦਾਚਿੱਤ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸੇ ਹੀ ਤਰ੍ਹਾਂ ਪੂਰੇ ਬਰਨਾਲਾ ਜ਼ਿਲ੍ਹੇ ਨੂੰ ਦਰਪੇਸ਼ ਮੁਸ਼ਕਿਲ, ਬੰਦ ਪਈ ਜੱਚਾ ਬੱਚਾ ਨਰਸਰੀ ਚਾਲੂ ਕਰਨ ਦੀ ਮੰਗ ਕੀਤੀ। ਆਗੂਆਂ ਦੱਸਿਆ ਕਿ ਇਸ ਬਾਰੇ ਸਭ ਤੋਂ ਪਹਿਲਾਂ ਤਿੰਨ ਸਾਲ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਹੁਣ 4 ਮਹੀਨੇ ਪਹਿਲਾਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਵੀ ਗੱਲਬਾਤ ਹੋਈ ਸੀ, ਜਿਨ੍ਹਾਂ 1 ਮਹੀਨੇ ਦੇ ਅੰਦਰ ਅੰਦਰ ਜੱਚਾ ਬੱਚਾ ਨਰਸਰੀ ਚਾਲੂ ਕਰਨ ਦਾ ਵਾਅਦਾ ਕੀਤਾ ਸੀ। ਪਰ ਅਫਸੋਸ ਕਿ ਮਸਲਾ ਉੱਥੇ ਦਾ ਉੱਥੇ ਹੀ ਹੈ। ਨਰਸਿੰਗ ਸਟਾਫ਼ ਦੀ ਵੱਡੀ ਗਿਣਤੀ ਵਿੱਚ ਘਾਟ ਇਸ ਜੱਚਾ ਬੱਚਾ ਨਰਸਰੀ ਚਾਲੂ ਕਰਨ ਦੇ ਰਾਹ ਵਿੱਚ ਰੋੜਾ ਹੈ। ਆਗੂਆਂ ਕਿਹਾ ਕਿ ਸਰਕਾਰ ਇੱਕ ਪਾਸੇ ਮੁਹੱਲਾ ਕਲੀਨਿਕਾਂ ਰਾਹੀਂ ਸਭ ਸਹੂਲਤਾਂ ਦੇਣ ਦੇ ਦਮਗਜੇ ਮਾਰ ਰਹੀ ਹੈ। ਦੂਜੇ ਪਾਸੇ ਕਰੋੜਾਂ ਰੁਪਏ ਖ਼ਰਚ ਕਰਕੇ ਜੱਚਾ ਬੱਚਾ ਨਰਸਰੀ ਦੀ ਉਸਾਰੀ ਬਿਲਡਿੰਗ ਅਤੇ ਮਸ਼ੀਨਰੀ ਜੇਕਰ ਵਰਤੋਂ ਵਿੱਚ ਨਾ ਲਿਆਈਂ ਗਈ ਤਾਂ ਇਹ ਖੰਡਰ ਬਣ ਜਾਵੇਗੀ। ਜ਼ਿਲ੍ਹਾ ਹਸਪਤਾਲ ਵਿੱਚ ਅੱਧਿਓਂ ਵੱਧ ਨਰਸਿੰਗ ਸਟਾਫ਼ ਦੀਆਂ ਪੋਸਟਾਂ ਖਾਲੀ ਪਈਆਂ ਅਸਾਮੀਆਂ ਭਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵਫਦ ਨੇ ਜ਼ੋਰਦਾਰ ਮੰਗ ਕੀਤੀ ਕਿ ਬੰਦ ਪਈ ਜੱਚਾ-ਬੱਚਾ ਸੰਭਾਲ ਨਰਸਰੀ ਜਲਦ ਚਾਲੂ ਕੀਤੀ ਜਾਵੇ ਨਹੀਂ ਤਾਂ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਬੁਲਾਕੇ ਸੰਘਰਸ਼ ਕਰਨ ਤੋਂ ਗ਼ੁਰੇਜ਼ ਨਹੀਂ ਕਰੇਗੀ। ਇਸ ਸਮੇਂ ਵਫ਼ਦ ਵਿੱਚ ਹਰਚਰਨ ਚਹਿਲ, ਜਗਰਾਜ ਸਿੰਘ ਰਾਮਾ, ਮੋਹਣ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਚੀਮਾ, ਕਮਲਜੀਤ ਸਿੰਘ,ਜ਼ੋਰਾਂ ਸਿੰਘ ਖਿਆਲੀ ਆਦਿ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।

Posted inਬਰਨਾਲਾ