ਗੁਰੂ ਹਰਸਹਾਏ, 10 ਜੁਲਾਈ (ਰਵਿੰਦਰ ਸ਼ਰਮਾ) : ਜ਼ਿਲ੍ਹਾ ਫਿਰੋਜਪੁਰ ਦੇ ਗੁਰੂ ਹਰਸਹਾਏ ਸ਼ਹਿਰ ਦੇ ਰੇਲਵੇ ਪਾਰਕ ਦੇ ਬਿਲਕੁਲ ਸਾਹਮਣੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦੀਆਂ ਬੱਚੀਆਂ ਨਾਲ ਸਕੂਲ ਦੇ ਅਧਿਆਪਕ ਵੱਲੋਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਬੱਚਿਆਂ ਨੇ ਇਸ ਘਟਨਾ ਸਬੰਧੀ ਸਕੂਲ ਦੇ ਪ੍ਰਿੰਸੀਪਲ ਅਤੇ ਆਪਣੇ ਮਾਪਿਆਂ ਨੂੰ ਦੱਸਿਆ ਅਤੇ ਮਾਪਿਆਂ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਗਈ। ਪ੍ਰਿੰਸੀਪਲ ਕਰਨ ਧਾਲੀਵਾਲ ਨੇ ਭਾਵੁਕ ਹੋ ਕੇ ਕਿਹਾ ਕਿ ਬੱਚੀਆਂ ਨੂੰ ਇਨਸਾਫ ਜਲਦੀ ਅਤੇ ਜ਼ਰੂਰ ਮਿਲੇਗਾ। ਕੁਝ ਦਿਨ ਪਹਿਲਾਂ ਗੁਰੂਹਰਸਹਾਏ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਿਚ ਸਕੂਲ ‘ਚ ਹੀ ਪੜ੍ਹਾਉਂਦੇ ਅਧਿਆਪਕ ਵੱਲੋਂ 13 ਤੋਂ 15 ਦੇ ਕਰੀਬ ਬੱਚੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਇਸ ਦੌਰਾਨ ਕੁੜੀਆਂ ਨੇ ਅਧਿਆਪਕ ਦੀ ਸ਼ਿਕਾਇਤ ਸਕੂਲ਼ ਦੇ ਪ੍ਰਿੰਸੀਪਲ ਨੂੰ ਕੀਤੀ ਤਾਂ ਇਸ ਸਬੰਧੀ ਜਦੋਂ ਪ੍ਰਿੰਸੀਪਲ ਕਰਨ ਧਾਲੀਵਾਲ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬੱਚੀਆਂ ਦੀ ਸ਼ਿਕਾਇਤ ‘ਤੇ ਉਨ੍ਹਾਂ ਵੱਲੋਂ ਜਾਂਚ ਪੜਤਾਲ ਕਰਕੇ ਇਸ ਮਸਲੇ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ। ਉੱਚ ਅਧਿਕਾਰੀਆਂ ਵੱਲੋਂ ਇਕ ਕਮੇਟੀ ਬਣਾਈ ਗਈ ਹੈ ਜੋ ਇਸਦੀ ਜਾਂਚ ਕਰ ਰਹੀ ਹੈ। ਪ੍ਰਿੰਸੀਪਲ ਨੇ ਭਾਵੁਕ ਹੋ ਕੇ ਬੱਚੀਆਂ ਅਤੇ ਮਾਪਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਇਨਸਾਫ ਜ਼ਰੂਰ ਅਤੇ ਜਲਦ ਹੀ ਮਿਲੇਗਾ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਹੀ ਹੈ ਜੋ ਬੱਚਿਆਂ ਨੂੰ ਚੰਗੇ ਰਾਹ ‘ਤੇ ਚੱਲਣ ਲਈ ਅਤੇ ਚੰਗੀ ਸਿੱਖਿਆ ਦਿੰਦਾ ਹੈ ਤਾਂ ਜੋ ਉਹ ਪੜ੍ਹ ਲਿਖ ਕੇ ਦੇਸ਼ ਦਾ ਇਕ ਚੰਗਾ ਨਾਗਰਿਕ ਬਣ ਸਕੇ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।
ਸ਼ਹਿਰ ਵਾਸੀਆਂ ਅਤੇ ਬੱਚੀਆਂ ਦੇ ਮਾਪਿਆਂ ਦੀ ਇਹ ਵੀ ਮੰਗ ਹੈ ਕਿ ਜਿਸ ਅਧਿਆਪਕ ਨੇ ਉਨ੍ਹਾਂ ਦੀਆਂ ਬੱਚੀਆਂ ਨਾਲ ਗਲਤ ਹਰਕਤਾਂ ਕੀਤੀਆਂ ਹਨ, ਉਸ ਦਾ ਸਾਰਾ ਪਿਛਲਾ ਰਿਕਾਰਡ ਵੀ ਕਢਵਾਇਆ ਜਾਵੇ। ਜਿੱਥੇ ਵੀ ਉਸਨੇ ਪਹਿਲਾਂ ਨੌਕਰੀ ਕੀਤੀ ਹੈ ਤਾਂ ਜੋ ਇਹ ਵੀ ਪਤਾ ਲੱਗ ਸਕੇ ਕਿ ਇਸ ਨੇ ਉਥੇ ਵੀ ਇਹੋ ਜਿਹੀਆਂ ਗਲਤ ਹਰਕਤਾਂ ਕੀਤੀਆਂ ਹਨ ਜਾਂ ਨਹੀਂ।
