ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਰਕਾਰ ਅਤੇ ਪੁਲਿਸ ਦੀ ਸਖ਼ਤਾਈ ਜਾਰੀ ਹੈ। ਜਿਸ ਤਹਿਤ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰਾਂ ਦੇ ਘਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਢਾਹ ਰਿਹਾ ਹੈ, ਜੋ ਮੀਡੀਆ ਵਿੱਚ ਵੀ ਲਗਾਤਾਰ ਆ ਰਿਹਾ ਹੈ। ਇਸ ਤਹਿਤ ਅੱਜ ਵੀ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਵਿਖੇ ਪੁਲਿਸ ਵੱਲੋਂ ਇੱਕ ਨਸ਼ਾ ਤਸਕਰੀ ਕਰਨ ਵਾਲੇ ਪਰਿਵਾਰ ਦੀ ਦੁਕਾਨ ਨੂੰ ਢਾਹਿਆ ਗਿਆ ਹੈ। ਦੱਸ ਦਈਏ ਕਿ ਇਹ ਕਾਰਵਾਈ ਪੁਲਿਸ ਵੱਲੋਂ ਅਤੇ ਮਾਰਕੀਟ ਕਮੇਟੀ ਵੱਲੋਂ ਮਿਲ ਕੇ ਕੀਤੀ ਗਈ ਹੈ ਕਿਉਂਕਿ ਇਹ ਦੁਕਾਨ ਦੀ ਸਰਕਾਰੀ ਜਗ੍ਹਾ ਵਿੱਚ ਬਣੀ ਸੀ ਜੋ ਕਿ ਨਜਾਇਜ਼ ਉਸਾਰੀ ਵਿੱਚ ਆ ਰਹੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਰਨਾਲਾ ਪੁਲਿਸ ਨੇ 5 ਵੱਖ-ਵੱਖ ਨਸ਼ਾ ਤਸਕਰਾਂ ਦੇ ਘਰ ਢਾਹੇ ਸਨ।

ਮਹਿਲਾ ‘ਤੇ ਦਰਜ ਹਨ ਐਨਡੀਪੀਐਸ ਤਹਿਤ 5 ਮਾਮਲੇ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ‘ਧਨੌਲਾ ਦੀ ਦਾਣਾ ਮੰਡੀ ਵਿੱਚ ਊਸ਼ਾ ਰਾਣੀ, ਪਤਨੀ ਬੀਰਬਲ ਸਿੰਘ ਵੱਲੋਂ ਨਸ਼ੇ ਦੀ ਕਮਾਈ ਕਰਕੇ ਦਾਣਾ ਮੰਡੀ ਵਿੱਚ ਨਜਾਇਜ਼ ਤਰੀਕੇ ਨਾਲ ਦੁਕਾਨ ਬਣਾਈ ਗਈ ਹੈ। ਮਾਰਕੀਟ ਕਮੇਟੀ ਧਨੌਲਾ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਹ ਇਤਲਾਹ ਕਰਨ ਉਪਰੰਤ ਇਸ ਦੀ ਵੈਰੀਫਿਕੇਸ਼ਨ ਕਰਕੇ ਇਸ ਦੁਕਾਨ ਨੂੰ ਢਾਹਿਆ ਗਿਆ ਹੈ। ਉਕਤ ਮਹਿਲਾ ਤਸਕਰ ਉਸ਼ਾ ਰਾਣੀ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਪੰਜ ਪਰਚੇ ਦਰਜ ਹਨ ਅਤੇ ਇਸ ਉੱਪਰ ਅਖੀਰਲਾ ਪਰਚਾ 2024 ਵਿੱਚ ਦਰਜ ਹੋਇਆ ਹੈ, ਜਿਸ ਵਿੱਚ ਇਹ ਜਮਾਨਤ ਉੱਪਰ ਜੇਲ੍ਹ ‘ਚੋਂ ਬਾਹਰ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਦੇ ਘਰ ਦੀ ਜ਼ਮੀਨ ਜਾਇਜ਼ ਹੈ ਜਾਂ ਨਾਜਾਇਜ਼, ਫਿਰ ਉਸ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ। ਹੁਣ ਤੱਕ ਦੀ ਪੁਲਿਸ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਰਨਾਲਾ ਨੇ ਕਿਹਾ ਕਿ ਜ਼ਿਲ੍ਹਾ ਵਿੱਚ ਇਹ ਛੇਵੀਂ ਪ੍ਰਾਪਰਟੀ ਢਾਹੀ ਗਈ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਨਸ਼ੇ ਦੀ ਕਮਾਈ ਕਰਕੇ ਜਿਹੜੀ ਵੀ ਪ੍ਰਾਪਰਟੀ ਬਣਾਈ ਜਾਵੇਗੀ, ਉਸ ਨਸ਼ਾ ਤਸਕਰ ਉੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।