– ਕਿਹਾ : ਭਗਵੰਤ ਮਾਨ ਸਰਕਾਰ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੀ ਮੁਦਈ ਹੈ
ਚੰਡੀਗੜ੍ਹ, 11 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੋ ਦਿਨ ਬੀਤ ਗਏ ਹਨ, ਪਰ ਸਪੀਕਰ ਨੇ ਸਾਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਕਿਸਾਨਾਂ ਦੀ 25 ਹਜ਼ਾਰ ਏਕੜ ਜ਼ਮੀਨ ਦੀ ਜਬਰਦਸਤੀ ਹਥਿਆਈ ਦੇ ਮੁੱਦੇ ਨੂੰ ਉਠਾਉਣ ਦੀ ਇਜ਼ਾਜਤ ਨਹੀਂ ਦਿੱਤੀ। ਇਹ ਪ੍ਰਗਟਾਵਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਾਈਵ ਹੁੰਦਿਆਂ ਕੀਤਾ। ਖਹਿਰਾ ਨੇ ਕਿਹਾ ਕਿ ਸੈਸ਼ਨ ਦੇ ਦੋ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਪੀਕਰ ਨੇ ਇੰਨ੍ਹਾਂ ਅਹਿਮ ਮੁੱਦਿਆਂ ’ਤੇ ਚਰਚਾ ਹੀ ਨਹੀਂ ਹੋਣ ਦਿੱਤੀ। ਜਦੋਂ ਮੈਂ ਇਸ ਮੁੱਦੇ ’ਤੇ ਗੱਲ ਕਰਨੀ ਸ਼ੁਰੂ ਹੀ ਕੀਤੀ ਤਾਂ ਸਪੀਕਰ ਨੇ ਮੇਰਾ ਮਾਈਕ ਹੀ ਬੰਦ ਕਰ ਦਿੱਤਾ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੁੱਦੇ ਵਿਰੋਧੀ ਧਿਰ ਨੂੰ ਸਰਕਾਰ ਵਲੋਂ ਉਠਾਉਣ ਹੀ ਨਹੀਂ ਦਿੱਤਾ ਜਾ ਰਿਹਾ। ਬੀਤੇ ਦਿਨੀਂ ਅਬੋਹਰ ਵਿਖੇ ਕਪੜਾ ਵਪਾਰੀ ਸੰਜੇ ਵਰਮਾ ਦੇ ਹੋਏ ਕਤਲ ਸਬੰਧੀ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ’ਚ ਮਾਰਨ ਦਾ ਵਿਰੋਧ ਕਰਦਿਆਂ ਖ਼ਹਿਰਾ ਨੇ ਕਿਹਾ ਕਿ ਪੁਲਿਸ ਵਲੋਂ ਸਰਕਾਰ ਦੇ ਦਬਾਅ ਹੇਠ ਇਹ ਐਨਕਾਊਂਟਰ ਕੀਤਾ ਗਿਆ, ਕਿਉਂਕਿ ਵਪਾਰੀ ਸੰਜੇ ਵਰਮਾ ਦਾ ਕਤਲ ਗੈਂਗਸਟਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਪੁਲਿਸ ਨੇ ਮੁਲਜ਼ਮਾਂ ਨੂੰ ਬਿਨਾਂ ਅਦਾਲਤ ’ਚ ਪੇਸ਼ ਕੀਤੇ ਝੂਠੇ ਪੁਲਿਸ ਮੁਕਾਬਲੇ ’ਚ ਹੀ ਮਾਰ ਦੇਣਾ ਹੈ ਤਾਂ ਫ਼ਿਰ ਨਿਆਂ ਪ੍ਰਣਾਲੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਕਚਿਹਰੀਆਂ, ਅਦਾਲਤਾਂ, ਸਰਕਾਰੀ ਵਕੀਲਾਂ ਦੀ ਪ੍ਰਣਾਲੀ ਸਾਰਾ ਕੁਝ ਬੰਦ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਤੇ ਪੁਲਿਸ ਨੇ ਤਾਂ ਝੂਠੀਆਂ ਕਹਾਣੀਆਂ ਬਣਾਕੇ ਐਨਕਾਊਂਟਰ ਹੀ ਕਰਨੇ ਹਨ। ਖਹਿਰਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਵਿਧਾਨ ਸਭਾ ਦੇ ਸੈਸ਼ਨ ’ਚ ਜਾਨਵਰਾਂ ਦੀ ਸੁਰੱਖਿਆ ਦੇ ਮਾਮਲੇ ਸਬੰਧੀ ਕਾਨੂੰਨ ’ਚ ਤਾਂ ਜ਼ਰੂਰ ਸੋਧ ਕਰ ਦਿੱਤੀ ਤਾਂ ਜੋ ਜਾਨਵਰਾਂ ’ਤੇ ਹੁੰਦੇ ਅੱਤਿਆਚਾਰਾਂ ਨੂੰ ਰੋਕਿਆ ਜਾ ਸਕੇ, ਪਰ ਜੋ ਬੀਤੇ ਦਿਨੀਂ ਝੂਠੇ ਪੁਲਿਸ ਮੁਕਾਬਲੇ ’ਚ ਦੋ ਨੌਜਵਾਨਾਂ ਨੂੰ ਮਾਰਿਆ ਗਿਆ ਹੈ, ਉਨ੍ਹਾਂ ਦੀ ਮੌਤ ’ਤੇ ਕੌਣ ਚਰਚਾ ਕਰੇਗਾ। ਇਹ ਚਰਚਾ ਭਗਵੰਤ ਮਾਨ ਸਰਕਾਰ ਨੇ ਰੋਕ ਦਿੱਤੀ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੀ ਮੁਦਈ ਹੈ ਤੇ ਮਨੁੱਖੀ ਅਧਿਕਾਰਾਂ ਦੇ ਘਾਣ ’ਚ ਇੰਨ੍ਹਾਂ ਦਾ ਵੱਡਾ ਰੋਲ ਹੈ।
