– ਪ੍ਰੇਮਿਕਾਂ ਦੇ ਘਰ ਵਾਲਿਆ ਦੇ ਕੁੱਟਣ ਤੋਂ ਬਾਅਦ ਨੌਜਵਾਨ ਨੇ ਨਿਗਲ ਲਈ ਸਲਫਾਸ ਦੀ ਗੋਲੀ, ਹੋਈ ਮੌਤ
ਤਪਾ ਮੰਡੀ\ਬਰਨਾਲਾ, 11 ਜੁਲਾਈ (ਰਵਿੰਦਰ ਸ਼ਰਮਾ) : ਢਿਲਵਾਂ ਰੋਡ ਸਥਿਤ ਤਿੰਨ ਬੱਚਿਆਂ ਦੇ ਪਿਓ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕਸ਼ੀ ਦੀ ਵਜ੍ਹਾ ਉਸ ਦੇ ਗੁਆਂਢਣ ਨਾਲ ਨਾਜਾਇਜ਼ ਸਬੰਧਾਂ ਕਾਰਨ ਹੋਏ ਝਗੜੇ ਨੂੰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਮਾਂ ਸੰਤੋਸ਼ ਰਾਣੀ ਸਾਬਕਾ ਕੌਂਸਲਰ ਨੇ ਪੁਲਿਸ ਵੱਲੋਂ ਉਨ੍ਹਾਂ ਨੂੰ ਇਨਸਾਫ ਨਾ ਮਿਲਣ ‘ਤੇ ਪੁਲਿਸ ਚੌਂਕੀ ਅੱਗੇ ਧਰਨਾ ਲਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੋਸ਼ ਰਾਣੀ ਨੇ ਦੱਸਿਆ ਕਿ ਉਸ ਦੀ ਗੁਆਂਢਣ ਨੇ ਲੜਕੇ ਜੋਤ ਰਾਮ ਨਾਲ ਨਾਜਾਇਜ਼ ਸਬੰਧ ਕਾਇਮ ਕਰ ਲਏ ਸਨ। ਉਸ ਦੇ ਪਰਿਵਾਰਿਕ ਮੈਂਬਰਾਂ ਨੇ ਸਾਡੇ ਘਰ ਆ ਕੇ ਜੋਤ ਰਾਮ ਦੀ ਕੁੱਟਮਾਰ ਕੀਤੀ ਅਤੇ ਘਰ ਦਾ ਸਾਮਾਨ ਤੋੜ ਦਿੱਤਾ। ਉਸ ਵੇਲੇ ਪਤਵੰਤਿਆਂ ਨੇ ਸਮਝੌਤਾ ਕਰਵਾ ਦਿੱਤਾ, ਪਰ ਗੁਆਂਢਣ ਨੇ ਮੇਰੇ ਮੁੰਡੇ ਦਾ ਫਿਰ ਵੀ ਖਹਿੜਾ ਨਾ ਛੱਡਿਆ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਪਿੰਡ ਹਠੂਰ (ਲੁਧਿਆਣਾ) ਵਿਖੇ ਉਸ ਦੇ ਪੇਕੇ ਘਰ ਭੇਜ ਦਿੱਤਾ। ਇਸ ਦੌਰਾਨ ਜੋਤ ਰਾਮ ਤੋਂ ਉਸ ਨੂੰ ਮੋਬਾਇਲ ’ਤੇ ਮਿੱਸ ਕਾਲ ਵੱਜ ਗਈ ਤਾਂ ਉਸ ਦੇ ਭਰਾ ਇਸ ਹਰਕਤ ‘ਤੇ ਭੜਕ ਉੱਠੇ ਅਤੇ ਉਹ ਬੰਦਿਆਂ ਦਾ ਰੇਹੜਾ ਭਰ ਕੇ ਆ ਗਏ ਤੇ ਮੇਰੇ ਲੜਕੇ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਇਸ ਨਮੌਸ਼ੀ ਨੂੰ ਨਾ ਸਹਾਰਦੇ ਹੋਏ ਜੋਤ ਰਾਮ ਨੇ ਸਲਫਾਸ ਦੀ ਗੋਲੀ ਖਾ ਕੇ ਆਤਮਹੱਤਿਆ ਕਰ ਲਈ। ਇਸ ਲਈ ਮੇਰੇ ਪੁੱਤਰ ਦੇ ਮੌਤ ਦੀ ਜਿੰਮੇਵਾਰ ਉਹ ਗੁਆਂਢਣ ਔਰਤ ਲਛਮੀ ਦੇਵੀ ਪਤਨੀ ਸ਼ੰਕਰ ਰਾਮ ਹੈ। ਇਸ ਦੀ ਸਿਕਾਇਤ ਅਸੀਂ ਪੁਲਿਸ ਚੌਂਕੀ ਤਪਾ ਵਿਖੇ ਕਰ ਦਿੱਤੀ ਹੈ।
ਚੌਂਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅਸੀਂ ਮ੍ਰਿਤਕ ਦੀ ਪਤਨੀ ਪੂਨਮ ਦੇ ਬਿਆਨਾਂ ਦੇ ਆਧਾਰ ‘ਤੇ ਲਛਮੀ ਦੇਵੀ, ਸ਼ੰਕਰ ਰਾਮ (ਪਤੀ) ਅਤੇ ਦਿਉਰ ਰਾਹੁਲ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟ ਮਾਰਟਮ ਲਈ ਮੋਰਚਰੀ ਰੂਮ ਬਰਨਾਲਾ ਭੇਜ ਦਿੱਤੀ ਹੈ। ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮਾਮਲਾ ਦਰਜ ਹੋਣ ਉਪਰੰਤ ਧਰਨਾ ਚੁੱਕਿਆ ਗਿਆ।
