ਤਪਾ ਮੰਡੀ/ਬਰਨਾਲਾ, 12 ਜੁਲਾਈ (ਰਵਿੰਦਰ ਸ਼ਰਮਾ) : ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸਬ ਡਵੀਜ਼ਨ ਤਪਾ ਮੰਡੀ ਦੀ ਖੱਟਰਪੱਤੀ ਸਥਿਤ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਮਲਬੇ ਹੇਠਾਂ ਘਰੇਲੂ ਸਾਮਾਨ ਦੱਬਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਘਰ ਦੀ ਮਾਲਕ ਚਰਨੋ ਪਤਨੀ ਸਵ. ਲਾਲ ਸਿੰਘ ਨੇ ਦੱਸਿਆ ਕਿ ਉਹ ਇਸ ਘਰ ’ਚ ਆਪਣੇ ਪੁੱਤਰ ਸੁਰਜੀਤ ਸਿੰਘ ਨਾਲ ਰਹਿ ਰਹੀ ਹੈ। ਅੱਜ ਸਵੇਰੇ 10 ਵਜੇ ਦੇ ਕਰੀਬ ਛਤੀਰ ਬਾਲੇ ਦੀ ਪਾਈ ਹੋਈ ਛੱਤ ਮੀਂਹ ਦੇ ਪਾਣੀ ਨਾਲ ਚੋ ਰਹੀ ਸੀ। ਜਦ ਉਹ ਘਰ ’ਚ ਬੈੱਡ ਤੇ ਬੈਠੀ ਸੀ ਤਾਂ ਅਚਾਨਕ ਛੱਤ ਡਿੱਗ ਪਈ। ਖੜਕਾ ਸੁਣ ਕੇ ਗੁਆਂਢੀਆਂ ਨੇ ਉਸ ਨੂੰ ਬਾਹਰ ਕੱਢਿਆ। ਮਲਬੇ ਹੇਠਾਂ ਉਸ ਦਾ ਘਰੇਲੂ ਸਾਮਾਨ ਦੱਬ ਗਿਆ। ਉਸ ਦਾ 50 ਹਜ਼ਾਰ ਦੇ ਕਰੀਬ ਸਮਾਨ ਖਰਾਬ ਹੋ ਗਿਆ। ਇਸ ਮੌਕੇ ਇਕੱਠੇ ਹੋਏ ਕੁਲਵੰਤ ਸਿੰਘ ਧਾਲੀਵਾਲ, ਖਜਾਨ ਚੰਦ, ਸੁਰਿੰਦਰ ਖੱਟਰ ਕਾ, ਤੇਜਵੰਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਗਿੱਲ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੇ ਮਕਾਨ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਘਰ ’ਚ ਸਿਰਫ਼ ਇਹ ਲੜਕਾ ਹੀ ਹੈ, ਜੋ ਮਜ਼ਦੂਰੀ ਕਰਕੇ ਰੋਟੀ ਖਾ ਰਿਹਾ ਹੈ।

Posted inਬਰਨਾਲਾ