ਜਲੰਧਰ, 12 ਜੁਲਾਈ (ਰਵਿੰਦਰ ਸ਼ਰਮਾ) : ਜਲੰਧਰ ’ਚ ਚੋਰੀ ਦੀ ਇਕ ਅਜਿਹੀ ਘਟਨਾ ਵਾਪਰੀ ਜਿਸ ’ਚ ਇੰਝ ਜਾਪਦਾ ਹੈ ਕੀ ਚੋਰਾਂ ਨੂੰ ਵੀ ਹੁਣ ਪਸੰਦ ਦੀ ਚੀਜ਼ ਨਾ ਮਿਲੇ ਤਾਂ ਉਹ ਚੋਰੀ ਕੀਤੀ ਹੋਈ ਚੀਜ਼ ਕਿਸੇ ਥਾਂ ’ਤੇ ਰੱਖ ਕੇ ਉਥੋਂ ਦੂਜੀ ਚੀਜ਼ ਚੋਰੀ ਕਰ ਲੈਂਦੇ ਹਨ। ਅਜਿਹੀ ਹੀ ਇਕ ਘਟਨਾ ਜਲੰਧਰ ’ਚ ਘਟੀ ਜਦ ਬਸ਼ੀਰਪੁਰਾ ਤੋਂ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਕੇ ਇਕ ਨੌਜਵਾਨ ਉਸ ਮੋਟਰਸਾਈਕਲ ਨੂੰ ਕ੍ਰਿਸ਼ਨਾ ਨਗਰ ਦੀ ਕੋਠੀ ਦੇ ਬਾਹਰ ਰੱਖ ਕੇ ਉਥੋਂ ਹੋਂਡਾ ਸ਼ਾਈਨ ਬਾਈਕ ਲੈ ਕੇ ਫਰਾਰ ਹੋ ਗਿਆ। ਉਕਤ ਸਾਰੀ ਘਟਨਾ ਕੋਠੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਨੀਸ਼ ਅਰੋੜਾ ਵਾਸੀ ਆਦਰਸ਼ ਨਗਰ ਨੇ ਦੱਸਿਆ ਕਿ ਉਸਨੇ ਆਪਣੀ ਹੋਂਡਾ ਸ਼ਾਈਨ ਬਾਈਕ ਰੋਜ ਵਾਂਗ ਬੁੱਧਵਾਰ ਦੁਪਹਿਰ ਆਪਣੀ ਕੋਠੀ ਦੇ ਬਾਹਰ ਖੜੀ ਕੀਤੀ ਸੀ। ਸ਼ਾਮ ਵੇਲੇ ਜਦ ਉਹ ਕੋਠੀ ਦੇ ਬਾਹਰ ਆਇਆ ਤਾਂ ਉਸਦੀ ਬਾਈਕ ਗਾਇਬ ਸੀ ਤੇ ਉਸਦੀ ਥਾਂ ’ਤੇ ਇਕ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-08-ਸੀਐੱਮ-5084 ਖੜ੍ਹਾ ਸੀ। ਸਪਲੈਂਡਰ ਮੋਟਰਸਾਈਕਲ ਦੇ ਅੱਗੇ ਇਕ ਬੈਗ ਟੰਗਿਆ ਹੋਇਆ ਸੀ। ਜਦ ਉਸ ਨੇ ਉਹ ਬੈਗ ਖੋਲ ਕੇ ਦੇਖਿਆ ਤਾਂ ਉਸ ’ਚੋਂ ਇਕ ਡਾਇਰੀ ਮਿਲੀ ਜਿਸ ’ਤੇ ਲਿਖੇ ਨੰਬਰ ’ਤੇ ਉਸਨੇ ਫੋਨ ਕੀਤਾ ਤਾਂ ਉਹ ਇਕ ਰਾਜ ਮਿਸਤਰੀ ਦਾ ਸੀ, ਉਸ ਰਾਜ ਮਿਸਤਰੀ ਨੇ ਦੱਸਿਆ ਕਿ ਉਸਦਾ ਸਪਲੈਂਡਰ ਮੋਟਰਸਾਈਕਲ ਬਸ਼ੀਰਪੁਰਾ ਤੋਂ ਚੋਰੀ ਹੋ ਗਿਆ ਹੈ। ਹਨੀਸ਼ ਨੇ ਉਸ ਨੂੰ ਦੱਸਿਆ ਕਿ ਉਸਦਾ ਮੋਟਰਸਾਇਕਲ ਕ੍ਰਿਸ਼ਨਾ ਨਗਰ ’ਚ ਖੜਾ ਹੈ। ਜਦ ਉਨ੍ਹਾਂ ਨੇ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਉਸ ’ਚ ਹੈਲਮਟ ਪਾਏ ਆਏ ਇਕ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜੋ ਕੈਮਰੇ ’ਚ ਕੈਦ ਹੋ ਚੁੱਕਿਆ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ, ਜੋ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Posted inਜਲੰਧਰ