ਲੁਧਿਆਣਾ, 12 ਜੁਲਾਈ (ਰਵਿੰਦਰ ਸ਼ਰਮਾ) : ਬੀਤੇ ਦਿਨਾਂ ’ਚ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਖੇਤਰ ਤੇ ਪਿੰਡ ਉੱਪਲੀ ਵਿਖੇ ਗੈਸ ਸਿਲੰਡਰ ਫਟਣ ਤੋਂ ਬਾਅਦ ਹੁਣ ਇਕ ਹੋਰ ਗੈਸ ਸਿਲੰਡਰ ਫਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ’ਚ ਪਤੀ ਪਤਨੀ ਗੰਭੀਰ ਜ਼ਖਮੀ ਹੋ ਗਏ, ਜੋ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ਼ ਹਨ। ਤਾਜ਼ਾ ਮਾਮਲੇ ’ਚ ਲੁਧਿਆਣਾ ਦੇ ਫੋਕਲ ਪੁਆਇੰਟ ਅਧੀਨ ਆਉਂਦੀ ਰਾਜੀਵ ਗਾਂਧੀ ਕਲੋਨੀ ਵਿਖੇ ਇਕ ਘਰ ਦੇ ਵਰਾਂਡੇ ਵਿੱਚ ਖਾਣਾ ਪਕਾਉਂਦੇ ਸਮੇਂ ਸਿਲੰਡਰ ਫਟ ਗਿਆ ਹੈ। ਇਸ ਘਟਨਾ ਵਿੱਚ ਜੋੜਾ ਬੁਰੀ ਤਰ੍ਹਾਂ ਸੜ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ। ਕੁਝ ਸਮੇਂ ਬਾਅਦ ਡਾਕਟਰਾਂ ਨੇ ਵਿਅਕਤੀ ਨੂੰ ਵੀ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਔਰਤ 60 ਤੋਂ 70 ਪ੍ਰਤੀਸ਼ਤ ਸੜ ਗਈ ਹੈ, ਜਦੋਂ ਕਿ ਆਦਮੀ 45 ਪ੍ਰਤੀਸ਼ਤ ਸੜ ਗਿਆ ਹੈ।
ਪੀੜਤ ਔਰਤ ਨਾਲ ਆਈ ਇੱਕ ਔਰਤ ਨੇ ਦੱਸਿਆ ਕਿ ਅੱਜ ਸਵੇਰੇ 7.15 ਵਜੇ ਘਰ ਵਿੱਚ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟ ਗਿਆ। ਹਾਦਸੇ ਵਿੱਚ ਜੋੜਾ ਬੁਰੀ ਤਰ੍ਹਾਂ ਸੜ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਵਿਕਾਸ ਅਤੇ ਔਰਤ ਦੀ ਪਛਾਣ ਰੀਟਾ ਵਜੋਂ ਹੋਈ ਹੈ। ਦੋਵੇਂ ਕਿਰਾਏ ‘ਤੇ ਰਹਿ ਰਹੇ ਹਨ ਅਤੇ ਬਿਹਾਰ ਦੇ ਰਹਿਣ ਵਾਲੇ ਹਨ। ਦੋਵੇਂ ਇੱਕੋ ਕੰਪਨੀ ਵਿੱਚ ਕੰਮ ਕਰਦੇ ਹਨ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਦੋਵਾਂ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ।
ਔਰਤ ਦੇ ਪਤੀ ਵਿਕਾਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਮਰੇ ਵਿੱਚ ਸੌਂ ਰਿਹਾ ਸੀ। ਉਸਦੀ ਪਤਨੀ ਰੀਟਾ ਗੈਸ ‘ਤੇ ਭਾਂਡਾ ਰੱਖ ਕੇ ਸਬਜ਼ੀਆਂ ਕੱਟ ਰਹੀ ਸੀ। ਫਿਰ ਅਚਾਨਕ ਕਮਰੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅਚਾਨਕ ਧਮਾਕਾ ਹੋਇਆ। ਲੋਕਾਂ ਨੇ ਉਸਨੂੰ ਅਤੇ ਰੀਟਾ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ। ਚੀਕਾਂ ਦੀ ਆਵਾਜ਼ ਸੁਣ ਕੇ ਲੋਕਾਂ ਨੇ ਉਨ੍ਹਾਂ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ। ਵਿਕਾਸ ਨੇ ਦੱਸਿਆ ਕਿ ਸਿਲੰਡਰ ਗੈਸ ਲੀਕ ਹੋਣ ਕਾਰਨ ਫਟਿਆ।
ਗੁਆਂਢੀ ਔਰਤ ਰੀਤੂ ਨੇ ਦੱਸਿਆ ਕਿ ਕਮਰੇ ਵਿੱਚ ਅੱਗ ਲੱਗਣ ਤੋਂ ਬਾਅਦ ਰੀਟਾ ਅਤੇ ਵਿਕਾਸ ਦੀਆਂ ਚੀਕਾਂ ਦੀਆਂ ਆਵਾਜ਼ਾਂ ਆਈਆਂ। ਸਾਰੇ ਇਕੱਠੇ ਹੋ ਗਏ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਰੀਟਾ ਅਤੇ ਵਿਕਾਸ ਦੇ ਕਮਰੇ ਦਾ ਸਾਰਾ ਸਮਾਨ ਸੜ ਗਿਆ।
