ਮਹਿਲ ਕਲਾਂ/ਬਰਨਾਲਾ, 12 ਜੁਲਾਈ (ਰਵਿੰਦਰ ਸ਼ਰਮਾ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲਾ ਪਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਉਨ੍ਹਾਂ ਦੇ ਸਾਥੀਆਂ ਨੇ ਬੀ.ਡੀ.ਪੀ.ਓ. ਦਫਤਰ ਮਹਿਲ ਕਲਾਂ ਵਿਖੇ ਸਫਾਈ ਦੀ ਖ਼ਰਾਬ ਹਾਲਤ ਅਤੇ ਬਰਸਾਤ ਵਿਚ ਪਾਣੀ ਭਰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਰੋਧ ਰੂਪ ਵਿਚ ਦਫਤਰ ਅੰਦਰ ਝੋਨਾ ਲਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਦਫਤਰ ਦੀ ਸਫਾਈ ਤੁਰੰਤ ਕਰਵਾਉਣ ਅਤੇ ਨੀਵੀਂ ਹੋ ਚੁੱਕੀ ਬਿਲਡਿੰਗ ਨੂੰ ਨਵੇਂ ਸਿਰੇ ਤੋਂ ਉੱਚਾ ਚੁੱਕ ਕੇ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਮਹਿਲ ਕਲਾਂ ਨੇ ਦੱਸਿਆ ਕਿ ਬੀ.ਡੀ.ਪੀ.ਓ. ਦਫਤਰ ਦੀ ਬਿਲਡਿੰਗ ਨੀਵੀਂ ਹੋਣ ਕਾਰਨ ਬਰਸਾਤ ਦੌਰਾਨ ਪਾਣੀ ਦਫਤਰ ਵਿਚ ਵੜ ਜਾਂਦਾ ਹੈ, ਜੋ ਛੱਪੜ ਬਣ ਜਾਂਦਾ ਹੈ। ਇਸ ਕਾਰਨ ਪਿੰਡਾਂ ਤੋਂ ਕੰਮ ਧੰਦੇ ਲਈ ਆਉਣ ਵਾਲੇ ਲੋਕਾਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਬੀ.ਡੀ.ਪੀ.ਓ. ਦਫਤਰ ਦੇ ਅਧਿਕਾਰੀ ਆਪਣੇ ਦਫਤਰ ਦੀ ਸਫਾਈ ਅਤੇ ਵਿਕਾਸ ਨਹੀਂ ਕਰਵਾ ਸਕਦੇ, ਤਾਂ ਉਹ ਪਿੰਡਾਂ ਦੇ ਵਿਕਾਸ ਕਾਰਜ ਕਿਵੇਂ ਕਰਵਾ ਸਕਣਗੇ? ਇਸ ਨਾਲ ਦਫਤਰ ਵਿਚ ਆਰਜ਼ੀ ਤੌਰ ‘ਤੇ ਚੱਲ ਰਹੇ ਹੋਰ ਦਫਤਰਾਂ ਦੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਵੀ ਦਿੱਕਤ ਆ ਰਹੀ ਹੈ।
ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਮਨਦੀਪ ਸਿੰਘ ਚੀਕੂ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਤੁਰੰਤ ਸਫਾਈ ਨਾ ਹੋਈ ਅਤੇ ਨਵੀਨਿਤਾ ਕਾਰਜ ਸ਼ੁਰੂ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੀ.ਡੀ.ਪੀ.ਓ. ਦਫਤਰ ਦੀ ਨੀਵੀਂ ਹੋ ਚੁੱਕੀ ਬਿਲਡਿੰਗ ਨੂੰ ਉੱਚਾ ਚੁੱਕ ਕੇ ਨਵੀਂ ਬਣਾਇਆ ਜਾਵੇ ਅਤੇ ਆਲੇ-ਦੁਆਲੇ ਦੀ ਪੂਰੀ ਸਫਾਈ ਕਰਵਾ ਕੇ ਲੋਕਾਂ ਲਈ ਸਹੂਲਤਾਂ ਯਕੀਨੀ ਬਣਾਈਆਂ ਜਾਣ।
ਦੂਜੇ ਪਾਸੇ ਬੀ.ਡੀ.ਪੀ.ਓ. ਸੁਖਜਿੰਦਰ ਸਿੰਘ ਨੇ ਸੰਪਰਕ ਕਰਨ ‘ਤੇ ਕਿਹਾ ਕਿ ਦਫਤਰ ਦੀ ਸਫਾਈ ਕਰਵਾਉਣ ਦੇ ਨਾਲ ਦਫਤਰ ਦੇ ਗੇਟ ਅਤੇ ਬਾਥਰੂਮ ਉੱਚੇ ਚੁੱਕ ਕੇ ਬਣਾਉਣ ਸਬੰਧੀ ਜੇ.ਈ. ਇੰਦਰਜੀਤ ਸਿੰਘ ਨੂੰ ਐਸਟੀਮੇਟ ਲਗਾ ਕੇ ਕੰਮ 15 ਦਿਨਾਂ ਦੇ ਅੰਦਰ ਅੰਦਰ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Posted inਬਰਨਾਲਾ