ਚੰਡੀਗੜ੍ਹ, 12 ਜੁਲਾਈ (ਰਵਿੰਦਰ ਸ਼ਰਮਾ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵਿਰੁੱਧ ਚੰਡੀਗੜ੍ਹ ਵਿੱਚ ਦਰਜ ਐਫਆਈਆਰ ਸਬੰਧੀ ‘ਆਪ’ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਹਰਪਾਲ ਚੀਮਾ ਨੇ “ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਪਾਰਟੀ ਇਕੱਠੇ ਹੋ ਕੇ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ।”
‘ਮਜੀਠੀਆ ਨਾਲ ਆਪਣੀ ਹਮਦਰਦੀ ਪ੍ਰਗਟ ਕਰ ਰਹੇ ਹਨ ਸਾਰੇ ਆਗੂ’
ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕਰ ਦੇ ਹੋਏ ਕਿਹਾ ਕਿ “ਜਦੋਂ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਸੀ, ਤਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਮ ‘ਤੇ ਚਿੱਟਾ (ਨਸ਼ਾ) ਵਿਕਦਾ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੀ ਵਿਧਾਨ ਸਭਾ ਵਿੱਚ ਮਜੀਠੀਆ ਨੂੰ ਤਸਕਰ ਕਹਿ ਕੇ ਸੰਬੋਧਨ ਕਰਦੇ ਸਨ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ, ਤਾਂ ਅਸੀਂ ਮਜੀਠੀਆ ਨੂੰ ਗਲੇ ਵਿੱਚ ਰੱਸੀ ਪਾ ਕੇ ਲਿਆਵਾਂਗੇ ਅਤੇ ਸੀਆਈਏ ਸਟਾਫ ਉਸਨੂੰ ਤਰਨਤਾਰਨ ਲੈ ਕੇ ਆਵੇਗਾ ਅਤੇ ਫਾਂਸੀ ‘ਤੇ ਲਟਕਾਏਗਾ। ਪਰ ਜਦੋਂ ਤੋਂ ਮਜੀਠੀਆ ਵਿਰੁੱਧ ਕਾਰਵਾਈ ਕੀਤੀ ਗਈ ਹੈ, ਸਾਰੇ ਆਗੂ ਮਜੀਠੀਆ ਨਾਲ ਆਪਣੀ ਹਮਦਰਦੀ ਪ੍ਰਗਟ ਕਰ ਰਹੇ ਹਨ। ਹਰ ਆਗੂ ਮਜੀਠੀਆ ਦੇ ਹੱਕ ਵਿੱਚ ਬਿਆਨ ਦੇ ਰਿਹਾ ਹੈ, ਉਹੀ ਆਗੂ ਪਹਿਲਾਂ ਮਜੀਠੀਆ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਰਦੇ ਸਨ। ਮੰਤਰੀ ਚੀਮਾ ਨੇ ਅੱਗੇ ਕਿਹਾ- ਜਦੋਂ ਸਾਡੀ ਪਾਰਟੀ ਨੇ ਮਜੀਠੀਆ ਨੂੰ ਸਬੂਤਾਂ ਸਮੇਤ ਗ੍ਰਿਫ਼ਤਾਰ ਕੀਤਾ, ਤਾਂ ਕਾਂਗਰਸ ਨੇ ਇਸਨੂੰ ਮੁੱਦਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ।”
“ਜਦੋਂ ਮਜੀਠੀਆ ਮਾਮਲੇ ਵਿੱਚ ਕੁਝ ਵੀ ਕੰਮ ਨਹੀਂ ਆਇਆ, ਤਾਂ ਸਾਡੇ ਵਿਰੁੱਧ ਚੰਡੀਗੜ੍ਹ ਪੁਲਿਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾਈ ਗਈ। 24 ਘੰਟਿਆਂ ਦੇ ਅੰਦਰ, ਚੰਡੀਗੜ੍ਹ ਪੁਲਿਸ ਨੇ ਐਫਆਈਆਰ ਦਰਜ ਕੀਤੀ। ਚੰਡੀਗੜ੍ਹ ਪੁਲਿਸ ਭਾਜਪਾ ਅਤੇ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ ਹੈ, ਜਿਨ੍ਹਾਂ ਨੇ ਬਿਨਾਂ ਕਿਸੇ ਜਾਂਚ ਦੇ ਐਫਆਈਆਰ ਦਰਜ ਕੀਤੀ। ਸਪੈਸ਼ਲ ਵਿਧਾਨ ਸਭਾ ਦੇ ਸੈਸ਼ਨ ਤੋਂ ਡਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਮੇਰੇ ਅਤੇ ਅਮਨ ਅਰੋੜਾ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ।ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਇਕੱਠੇ ਹੋ ਕੇ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ।”
‘ਪ੍ਰਧਾਨ ਮੰਤਰੀ ਨੇ ਲਾਰੈਂਸ ਬਿਸ਼ਨੋਈ ਨੂੰ ਟਾਰਗੇਟ ਕਿਲਿੰਗ ਲਈ ਰੱਖਿਆ’
ਲਾਰੈਂਸ ਬਿਸ਼ਨੋਈ ਨੇ ਕਾਰੋਬਾਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ, ਇਸਦਾ ਮਤਲਬ ਹੈ ਕਿ ਉਸਨੂੰ ਜੇਲ੍ਹ ਤੋਂ ਛੁੱਟੀ ਦੇ ਦਿੱਤੀ ਗਈ ਹੈ। ਲਾਰੈਂਸ ਬਿਸ਼ਨੋਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖੇਤਰ ਦੀ ਜੇਲ੍ਹ ਵਿੱਚ ਬੰਦ ਹੈ। ਪ੍ਰਧਾਨ ਮੰਤਰੀ ਨੇ ਲਾਰੈਂਸ ਬਿਸ਼ਨੋਈ ਨੂੰ ਟਾਰਗੇਟ ਕਿਲਿੰਗ ਲਈ ਰੱਖਿਆ ਹੈ। ਭਾਜਪਾ ਲਾਰੈਂਸ ਨੂੰ ਡਰਾਉਣ ਲਈ ਵਰਤ ਰਹੀ ਹੈ। ਜਿੱਥੇ ਉਹ ਆਮ ਆਦਮੀ ਪਾਰਟੀ ਨੂੰ ਡਰਾਉਣ ਲਈ ਬਹੁਤ ਕੁਝ ਕਰ ਰਹੇ ਹਨ, ਪਰ ਪੰਜਾਬ ਵਿੱਚ ਅਸੀਂ ਸਾਰੇ ਇਕੱਠੇ ਰਹਾਂਗੇ, ਇੱਥੇ ਨਫ਼ਰਤ ਦੇ ਬੀਜ ਨਹੀਂ ਵਿਕਦੇ ਹਨ।
