ਬਰਨਾਲਾ, 14 ਜੁਲਾਈ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੇ ਇੱਕ ਅਜਿਹੇ ਗਰੋਹ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ ‘ਤੇ ਫਰਜ਼ੀ ਵਿਆਹ ਕਰਕੇ ਲੋਕਾਂ ਨਾਲ ਠੱਗੀ ਮਾਰਨ ਅਤੇ ਪੈਸੇ ਵਸੂਲਣ ਦਾ ਦੋਸ਼ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਗਰੋਹ ਦੀ ਇੱਕ ਮੈਂਬਰ ਨੇ ਉਨ੍ਹਾਂ ਨੂੰ ਬਲਾਤਕਾਰ ਦੇ ਝੂਠੇ ਦੋਸ਼ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦਾ ਸਾਮਾਨ ਲੈ ਕੇ ਫਰਾਰ ਹੋ ਗਈ। ਗੁਰਜੰਟ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਚੀਮਾ ਅਤੇ ਉਨ੍ਹਾਂ ਦੇ ਬੇਟੇ ਰਵਿੰਦਰ ਸਿੰਘ ਉਰਫ਼ ਜੱਗੀ ਨੇ ਪੁਲਿਸ ਚੌਕੀ ਪੱਖੋ ਕੈਂਚੀਆਂ ਵਿੱਚ ਆਪਣਾ ਬਿਆਨ ਦਰਜ ਕਰਵਾਇਆ। ਗੁਰਜੰਟ ਸਿੰਘ ਨੇ ਦੋਸ਼ ਲਾਇਆ ਕਿ ਪ੍ਰਿਯੰਕਾ ਉਰਫ਼ ਰਮਨਜੋਤ ਕੌਰ ਨਾਮ ਦੀ ਔਰਤ ਨੇ ਉਨ੍ਹਾਂ ਨੂੰ ਧਮਕਾਇਆ ਕਿ ਹੋਰ ਪੈਸੇ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਬਲਾਤਕਾਰ ਦਾ ਪਰਚਾ ਦਰਜ ਕਰਵਾ ਦੇਵਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਿਯੰਕਾ ਉਰਫ਼ ਰਮਨਜੋਤ ਕੌਰ ਬਿਨਾਂ ਦੱਸੇ ਉਨ੍ਹਾਂ ਦੇ ਘਰੋਂ ਕੁਝ ਸਾਮਾਨ ਲੈ ਕੇ ਚਲੀ ਗਈ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਇਹ ਸਾਰੇ ਮੁਲਜ਼ਮ ਫਰਜ਼ੀ ਵਿਆਹ ਕਰਕੇ ਠੱਗੀ ਮਾਰਦੇ ਹਨ। ਉਨ੍ਹਾਂ ਨੇ ਪੰਜ ਵਿਸ਼ੇਸ਼ ਵਿਅਕਤੀਆਂ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ‘ਤੇ ਉਨ੍ਹਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। 09 ਜੁਲਾਈ, 2025 ਨੂੰ ਸ਼ਾਮ 07:50 ਵਜੇ ਸਰਬਜੀਤ ਸਿੰਘ (ਇੰਚਾਰਜ ਪੁਲਿਸ ਚੌਕੀ ਪੱਖੋ ਕੈਂਚੀਆਂ, ਮਹਿਲਾ ਕਾਂਸਟੇਬਲ ਨਵਦੀਪ ਕੌਰ ਅਤੇ ਪੀ.ਐਚ.ਜੀ. ਸ਼ੇਰ ਸਿੰਘ ਨਾਲ ਮੌਕੇ ‘ਤੇ ਮੌਜੂਦ ਸਨ। ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਵਿੰਦਰ ਸਿੰਘ ਨੇ ਉੱਥੇ ਹੀ ਆਪਣਾ ਬਿਆਨ ਦਰਜ ਕਰਵਾਇਆ। ਬਿਆਨ ਨੂੰ ਪੜ੍ਹ ਕੇ ਸੁਣਾਇਆ ਗਿਆ ਅਤੇ ਦੋਵਾਂ ਨੇ ਉਸ ‘ਤੇ ਦਸਤਖਤ ਕੀਤੇ। ਬਿਆਨ ਦੇ ਆਧਾਰ ‘ਤੇ ਥਾਣਾ ਬਰਨਾਲਾ ਵਿੱਚ ਉਪਰੋਕਤ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੁਲਿਸ ਦੇ ਦੱਸਣ ਅਨੁਸਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦੇ ਰਿਸ਼ਤੇ ਲਈ ਪਰਮਜੀਤ ਕੌਰ ਉਰਫ਼ ਪੰਮੀ ਪਤਨੀ ਅਣਪਛਾਤੇ ਵਾਸੀ ਬਰੋਟਾ ਰੋਡ, ਸ਼ਿਮਲਾਪੁਰੀ, ਨੇੜੇ ਡੀ.ਐਮ.ਸੀ. ਹਸਪਤਾਲ, ਲੁਧਿਆਣਾ ਨਾਲ ਸੰਪਰਕ ਕੀਤਾ ਸੀ। ਕੁਝ ਸਮੇਂ ਬਾਅਦ ਪਰਮਜੀਤ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਜੇਕਰ ਉਹ ਆਪਣੇ ਬੇਟੇ ਲਈ ਰਿਸ਼ਤਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਰਾਧੇ ਪੁੱਤਰ ਰਾਮ ਸਿੰਘ ਵਾਸੀ ਜੱਸੀਆਂ ਰੋਡ, ਅਸ਼ੋਕ ਨਗਰ, ਲੁਧਿਆਣਾ ਤੋਂ ਰਮਨਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਘੁੰਮਣ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਮ ਦੀ ਲੜਕੀ ਬਾਰੇ ਪਤਾ ਚੱਲਿਆ ਹੈ। ਜੇਕਰ ਗੁਰਜੰਟ ਸਿੰਘ ਚਾਹੁਣ, ਤਾਂ ਉਹ ਰਾਧੇ ਨਾਲ ਗੱਲ ਕਰਕੇ ਉਨ੍ਹਾਂ ਦੇ ਬੇਟੇ ਦੇ ਰਿਸ਼ਤੇ ਬਾਰੇ ਗੱਲ ਕਰ ਸਕਦੀ ਹੈ। ਗੁਰਜੰਟ ਸਿੰਘ ਨੇ ਸਹਿਮਤੀ ਦਿੱਤੀ ਅਤੇ ਕਿਹਾ ਕਿ ਉਹ ਲੜਕੀ ਅਤੇ ਉਸਦੇ ਪਰਿਵਾਰ ਨੂੰ ਦੇਖ ਕੇ, ਜੇਕਰ ਲੜਕਾ-ਲੜਕੀ ਇੱਕ-ਦੂਜੇ ਨੂੰ ਪਸੰਦ ਕਰਦੇ ਹਨ, ਤਾਂ ਵਿਆਹ ਕਰਵਾ ਦੇਣਗੇ।
ਫਰਜ਼ੀ ਵਿਆਹ ਅਤੇ ਖੁਲਾਸਾ
29 ਜੂਨ, 2025 ਨੂੰ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਨੇੜੇ ਜਲੰਧਰ ਬਾਈਪਾਸ, ਲੁਧਿਆਣਾ ਵਿੱਚ ਰਮਨਜੋਤ ਕੌਰ ਨਾਮ ਦੀ ਲੜਕੀ ਨੂੰ ਦੇਖਿਆ। ਲੜਕਾ-ਲੜਕੀ ਦੀ ਪਸੰਦ ਤੋਂ ਬਾਅਦ, ਉਨ੍ਹਾਂ ਨੇ ਪਿੰਕੀ ਪਤਨੀ ਸ਼ਿੰਗਾਰਾ ਵਾਸੀ ਸੈਨਾ ਕਲੋਨੀ, ਜੱਸੀਆਂ ਰੋਡ, ਲੁਧਿਆਣਾ (ਜੋ ਲੜਕੀ ਦੀ ਫਰਜ਼ੀ ਮਾਂ ਬਣੀ ਹੋਈ ਸੀ) ਅਤੇ ਵਿਚੋਲਣ ਪਰਮਜੀਤ ਕੌਰ ਉਰਫ਼ ਪੰਮੀ ਦੀ ਮੌਜੂਦਗੀ ਵਿੱਚ ਮੰਗਣੀ/ਵਿਆਹ ਕਰ ਦਿੱਤਾ। ਇਸ ਸਬੰਧ ਵਿੱਚ ਮੋਬਾਈਲ ‘ਤੇ ਤਸਵੀਰਾਂ ਵੀ ਲਈਆਂ ਗਈਆਂ ਸਨ। 20 ਜੂਨ, 2025 ਨੂੰ ਇਸ ਵਿਆਹ ਨਾਲ ਸਬੰਧਤ ਇੱਕ ਸਮਝੌਤਾ ਦਰਸ਼ਨ ਸਿੰਘ ਨੋਟਰੀ ਪਬਲਿਕ, ਬਰਨਾਲਾ ਦੇ ਕੋਲ ਲਿਖਵਾਇਆ ਗਿਆ ਸੀ। ਹਾਲਾਂਕਿ, ਕੁਝ ਦਿਨਾਂ ਬਾਅਦ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਚੱਲਿਆ ਕਿ ਜੋ ਵਿਅਕਤੀ ਲੜਕੀ ਰਮਨਜੋਤ ਕੌਰ ਨਾਲ ਰਿਸ਼ਤੇ ਨਿਭਾ ਰਹੇ ਸਨ, ਉਹ ਵੀ ਫਰਜ਼ੀ ਰਿਸ਼ਤੇ ਨਿਭਾ ਰਹੇ ਸਨ। ਉਨ੍ਹਾਂ ਨੇ ਲੜਕੀ ਰਮਨਜੋਤ ਕੌਰ ਦਾ ਫਰਜ਼ੀ ਆਧਾਰ ਕਾਰਡ ਵੀ ਤਿਆਰ ਕਰਵਾਇਆ ਸੀ। ਜਦੋਂ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਲੜਕੀ ਰਮਨਜੋਤ ਕੌਰ ਤੋਂ ਇਸ ਬਾਰੇ ਪੁੱਛਿਆ, ਤਾਂ ਉਸਨੇ ਦੱਸਿਆ ਕਿ ਉਸਦਾ ਅਸਲੀ ਨਾਮ ਪ੍ਰਿਯੰਕਾ ਪੁੱਤਰੀ ਰਾਕੇਸ਼ ਜੈਨ ਵਾਸੀ ਨੇੜੇ ਗੈਸ ਏਜੰਸੀ, ਟਿੱਬਾ ਰੋਡ, ਲੁਧਿਆਣਾ ਹੈ। ਪ੍ਰਿਯੰਕਾ ਨੇ ਖੁਲਾਸਾ ਕੀਤਾ ਕਿ ਉਪਰੋਕਤ ਵਿਅਕਤੀਆਂ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ ਨੇ ਉਸਦਾ ਪਹਿਲਾਂ ਵੀ ਹਿਮਾਚਲ ਅਤੇ ਹਰਿਆਣਾ ਵਿੱਚ ਫਰਜ਼ੀ ਵਿਆਹ ਕਰਵਾਇਆ ਸੀ, ਜਿਨ੍ਹਾਂ ਤੋਂ ਉਨ੍ਹਾਂ ਨੇ ਮੋਟੀ ਰਕਮ ਠੱਗੀ ਸੀ। ਉਸਨੇ ਇਹ ਵੀ ਦੱਸਿਆ ਕਿ ਉਹ ਉਪਰੋਕਤ ਵਿਅਕਤੀਆਂ ਨਾਲ ਮਿਲ ਕੇ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਵਿੰਦਰ ਸਿੰਘ ਉਰਫ਼ ਜੱਗੀ ਨਾਲ ਠੱਗੀ ਕਰਨ ਵਾਲੀ ਸੀ, ਜੋ ਉਨ੍ਹਾਂ ਨੇ ਕਰ ਲਈ ਹੈ।
ਠੱਗੀ ਦਾ ਗਰੋਹ ਅਤੇ ਬਲੈਕਮੇਲਿੰਗ
ਲੜਕੀ ਰਮਨਜੋਤ ਕੌਰ (ਪ੍ਰਿਯੰਕਾ) ਦੁਆਰਾ ਦੱਸੀ ਗਈ ਇਸ ਗੱਲ ਦੇ ਸਬੰਧ ਵਿੱਚ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੀ ਤਰਫੋਂ ਪੜਤਾਲ ਕੀਤੀ, ਤਾਂ ਉਨ੍ਹਾਂ ਨੂੰ ਉਪਰੋਕਤ ਵਿਅਕਤੀਆਂ ਬਾਰੇ ਪਤਾ ਚੱਲਿਆ ਕਿ ਉਨ੍ਹਾਂ ਨੇ ਰਮਨਜੋਤ ਕੌਰ ਦਾ ਫਰਜ਼ੀ ਆਧਾਰ ਕਾਰਡ ਤਿਆਰ ਕਰਵਾ ਕੇ ਠੱਗੀ ਮਾਰੀ ਹੈ। ਇਸੇ ਤਰ੍ਹਾਂ, ਇਹ ਵਿਅਕਤੀ ਭੋਲੇ-ਭਾਲੇ ਲੋਕਾਂ ਨਾਲ ਫਰਜ਼ੀ ਵਿਆਹ ਕਰਵਾ ਕੇ ਮੋਟੀ ਰਕਮ ਵਸੂਲ ਕੇ ਠੱਗੀ ਮਾਰਦੇ ਹਨ। ਗੁਰਜੰਟ ਸਿੰਘ ਨੇ ਦੋਸ਼ ਲਾਇਆ ਹੈ ਕਿ ਇਹ ਉਨ੍ਹਾਂ ਦਾ ਇੱਕ ਤਰ੍ਹਾਂ ਦਾ ਧੰਦਾ ਬਣ ਚੁੱਕਾ ਹੈ। ਜਦੋਂ ਉਨ੍ਹਾਂ ਨੇ ਉਪਰੋਕਤ ਵਿਅਕਤੀਆਂ ਤੋਂ ਇਸ ਫਰਜ਼ੀ ਵਿਆਹ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਡਰਾਉਣਾ-ਧਮਕਾਉਣਾ ਅਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਕੁਝ ਹੋਰ ਪੈਸੇ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਬਲਾਤਕਾਰ ਦਾ ਪਰਚਾ ਦਰਜ ਕਰਵਾ ਦੇਵਾਂਗੇ।
ਪੁਲਿਸ ਕਾਰਵਾਈ ਅਤੇ ਧਾਰਾਵਾਂ
ਗੁਰਜੰਟ ਸਿੰਘ ਨੇ ਪੁਲਿਸ ਤੋਂ ਇਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਉਨ੍ਹਾਂ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਚੌਕੀ ਪੱਖੋ ਕੈਂਚੀਆਂ ਦੇ ਇੰਚਾਰਜ ਏ.ਐਸ.ਆਈ. ਸਰਬਜੀਤ ਸਿੰਘ ਨੇ ਥਾਣਾ ਬਰਨਾਲਾ ਵਿੱਚ ਹੇਠ ਲਿਖੇ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 105, ਮਿਤੀ 09.07.2025, ਧਾਰਾ 318(2), 338, 336(3), 340(2), 308(2), 61(2) 2023 ਦੇ ਤਹਿਤ ਦਰਜ ਕੀਤਾ ਹੈ।
ਉਕਤ ਮਾਮਲੇ ਵਿੱਚ ਪੁਲਿਸ ਦੁਆਰਾ ਪਿੰਕੀ ਪਤਨੀ ਸ਼ਿੰਗਾਰਾ ਸਿੰਘ ਵਾਸੀ ਸੈਨਾ ਕਲੋਨੀ, ਜੱਸੀਆਂ ਰੋਡ, ਨੇੜੇ ਜਲੰਧਰ ਬਾਈਪਾਸ, ਲੁਧਿਆਣਾ, ਪ੍ਰਿਯੰਕਾ ਜੈਨ ਉਰਫ਼ ਪੱਲਵੀ ਉਰਫ਼ ਰਮਨਜੋਤ ਕੌਰ ਪੁੱਤਰੀ ਰਾਕੇਸ਼ ਜੈਨ ਵਾਸੀ ਗੈਸ ਏਜੰਸੀ, ਟਿੱਬਾ ਰੋਡ, ਲੁਧਿਆਣਾ, ਪਰਮਜੀਤ ਕੌਰ ਉਰਫ਼ ਪੰਮੀ ਪਤਨੀ ਅਣਪਛਾਤੇ ਵਾਸੀ ਬਰੋਟਾ ਰੋਡ, ਸ਼ਿਮਲਾਪੁਰੀ, ਨੇੜੇ ਡੀ.ਐਮ.ਸੀ. ਹਸਪਤਾਲ, ਲੁਧਿਆਣਾ, ਸੋਨੂੰ ਗਿੱਲ ਵਾਸੀ ਜੱਸੀਆਂ ਰੋਡ, ਲੁਧਿਆਣਾ, ਰਾਧੇ ਪੁੱਤਰ ਰਾਮ ਸਿੰਘ ਵਾਸੀ ਮਕਾਨ ਨੰਬਰ 112, ਜੱਸੀਆਂ ਰੋਡ, ਅਸ਼ੋਕ ਨਗਰ, ਮਨੋਜ ਕਲੋਨੀ, ਲੁਧਿਆਣਾ ਅਤੇ ਕੁਝ ਹੋਰ ਅਣਪਛਾਤੇ ਲੋਕਾਂ ਖਿਲਾਫ ਠੱਗੀ ਅਤੇ ਚੋਰੀ ਤੋਂ ਇਲਾਵਾ ਹੋਰ ਮਾਮਲੇ ਦਰਜ ਕਰਦੇ ਹੋਏ ਪ੍ਰਿਯੰਕਾ ਜੈਨ ਉਰਫ਼ ਪੱਲਵੀ ਉਰਫ਼ ਰਮਨਜੋਤ ਕੌਰ ਪੁੱਤਰੀ ਰਾਕੇਸ਼ ਜੈਨ, ਪਿੰਕੀ ਪਤਨੀ ਸ਼ਿੰਗਾਰਾ ਸਿੰਘ ਲੁਧਿਆਣਾ ਅਤੇ ਰਾਧੇ ਪੁੱਤਰ ਰਾਮ ਸਿੰਘ ਵਾਸੀ ਲੁਧਿਆਣਾ ਨੂੰ ਕਾਬੂ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।