– ਬਠਿੰਡਾ ਵਿੱਚ ਸਰਕਾਰੀ ਪ੍ਰਬੰਧਾਂ ਦੀ ਖੁੱਲੀ ਪੋਲ, ਡੀਸੀ, ਐਸਐਸਪੀ, ਡੀਆਈਜੀ ਦਫ਼ਤਰ, ਮਹਿਲਾ ਥਾਣਾ, ਮਿਨੀ ਸਕੱਤਰੇਤ, ਅਦਾਲਤ ਕੰਪਲੈਕਸ ਪਾਣੀ ਦੀ ਚਪੇਟ ਚ
ਬਠਿੰਡਾ, 14 ਜੁਲਾਈ (ਰਵਿੰਦਰ ਸ਼ਰਮਾ) : ਸੌਣ ਚੜਦਿਆਂ ਹੀ ਪੰਜਾਬ ਵਿੱਚ ਮੌਨਸੂਨ ਦੀ ਦਸਤਕ ਦੇ ਨਾਲ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ ਮੀਂਹ ਪਿਆ, ਜਿਸ ਕਰਕੇ ਗਰਮੀ ਤੋਂ ਭਾਵੇਂ ਰਾਹਤ ਮਿਲੀ, ਪਰ ਸ਼ਹਿਰਾਂ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਪੂਰੇ ਪ੍ਰਬੰਧ ਨਾ ਹੋਣ ਕਰਕੇ ਪਾਣੀ ਭਰ ਗਿਆ, ਸੜਕਾਂ ਵੀ ਜਲ ਤਲ ਹੋ ਗਈਆਂ, ਕਾਰਾਂ ਮੋਟਰਸਾਈਕਲ ਡੁੱਬਦੇ ਹੋਏ ਨਜ਼ਰ ਆਏ, ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ।ਇਥੋਂ ਤੱਕ ਕਿ ਵੀਵੀਆਈਪੀ ਇਲਾਕੇ ਵੀ ਪਾਣੀ ਦੀ ਚਪੇਟ ਵਿੱਚ ਆ ਗਏ ਫਸਲਾਂ ਵੀ ਡੁੱਬ ਗਈਆਂ, ਕਿਸਾਨਾਂ ਦਾ ਵੀ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਸਾਹਮਣੇ ਆ ਰਿਹਾ ਹੈ। ਬਠਿੰਡਾ ਦੇ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਤੇਜ ਮੀਹ ਕਰਕੇ ਅੱਜ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਝੋਨੇ ਦੀਆਂ ਫਸਲਾਂ ਵੀ ਨੁਕਸਾਨ ਵਲ ਵਧ ਗਈਆਂ ਹਨ, ਸ਼ਹਿਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਬਠਿੰਡਾ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਪ੍ਰਬੰਧ ਨਾ ਹੋਣ ਕਰਕੇ ਡੀਸੀ, ਐਸਐਸਪੀ, ਡੀਆਈਜੀ ਦਫ਼ਤਰ, ਮਿਨੀ ਸਕੱਤਰੇਤ, ਅਦਾਲਤ ਕੰਪਲੈਕਸ, ਮਹਿਲਾ ਥਾਣਾ, ਵੱਡਾ ਡਾਕਖਾਨਾ ਪਾਣੀ ਦੀ ਚਪੇਟ ਵਿੱਚ ਘਰ ਚੁੱਕੇ ਹਨ। ਪਰਸ ਰਾਮ ਨਗਰ, ਗੁਰੂ ਨਾਨਕਪੁਰਾ ਮਹੱਲਾ, ਮਾਲ ਰੋਡ, ਧੋਬੀ ਬਾਜ਼ਾਰ, ਪਾਵਰ ਹਉਸ ਰੋਡ ਵੀ ਜਲਥਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਸਿਰਕੀ ਬਾਜ਼ਾਰ ਸਮੇਤ ਦੁਕਾਨਾਂ ਅਤੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਜਿਸ ਕਰਕੇ ਆਮ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਸ਼ਹਿਰ ਦੇ ਅੰਡਰ ਬ੍ਰਿਜ ਵੀ ਪਾਣੀ ਦੀ ਚਪੇਟ ਵਿੱਚ ਆਉਣ ਕਰਕੇ ਵਹੀਕਲਾਂ ਦੇ ਲਾਂਘੇ ਵੀ ਬੰਦ ਹੋ ਗਏ ਹਨ।ਬਠਿੰਡਾ ਦੇ ਲਾਲ ਸਿੰਘ ਬਸਤੀ ਅਤੇ ਅਮਰਪੁਰਾ ਬਸਤੀ , ਤੇ ਪਰਸ ਰਾਮ ਨਗਰ ਵਿੱਚ ਮੀਹ ਪੈਣ ਕਰਕੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਜਿਸ ਕਰਕੇ ਆਮ ਲੋਕਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਨਗਰ ਨਿਗਮ ਪ੍ਰਬੰਧਾਂ ਦੀ ਵੀ ਅੱਜ ਪੋਲ ਖੁੱਲਦੀ ਹੋਈ ਨਜ਼ਰ ਆਈ ਅਤੇ ਬਰਸਾਤੀ ਪਾਣੀ ਦੇ ਨਿਕਾਸ ਕਿਤੇ ਵੀ ਨਜ਼ਰ ਨਾ ਆਏ।
ਕੀ ਕਹਿਣਾ ਹੈ ਨਿਗਮ ਅਧਿਕਾਰੀਆਂ ਦਾ..!
ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਪੂਰੇ ਪ੍ਰਬੰਧ ਨਾ ਹੋਣ ਸਬੰਧੀ ਜਦੋਂ ਨਿਗਮ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ, ਉਹਨਾਂ ਦਾ ਕਹਿਣਾ ਸੀ ਕਿ ਤੇਜ ਮੀਂਹ ਆਉਣ ਕਰਕੇ ਨੀਵੇਂ ਇਲਾਕਿਆਂ ਵਿੱਚ ਜਿਆਦਾ ਪਾਣੀ ਭਰ ਗਿਆ ਪਰੰਤੂ ਬਰਸਾਤੀ ਪਾਣੀ ਦੇ ਨਿਕਾਸ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਚੰਦ ਘੰਟਿਆਂ ਵਿੱਚ ਹੀ ਸਾਰੇ ਪਾਣੀ ਦੀ ਨਿਕਾਸੀ ਹੋਵੇਗੀ।
