ਬਰਨਾਲਾ, 13 ਜੁਲਾਈ (ਰਵਿੰਦਰ ਸ਼ਰਮਾ) : ਪਿਛਲੇ ਕਈ ਸਾਲਾਂ ਤੋਂ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਚਲਾ ਕੇ ਦੇਸ਼ ਦੇ ਕੋਨੇ ਕੋਨੇ ਨੂੰ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅਭਿਆਨ ਦੀ ਸ਼ੁਰੂਆਤ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਗਈ। ਲੋਕਾਂ ਵਿੱਚ ਇਸ ਅਭਿਆਨ ਦੁਆਰਾ ਜਾਗਰੂਕਤਾ ਵੀ ਦਿਖਾਈ ਦਿੱਤੀ। ਪ੍ਰੰਤੂ ਦੇਸ਼ ਦੇ ਕੁਝ ਸੀਨੀਅਰ ਲੈਵਲ ਦੇ ਅਧਿਕਾਰੀ ਆਪਣੀ ਲਾਪਰਵਾਹੀ ਨਾਲ ਇਸ ਅਭਿਆਨ ਦੀ ਐਸੀ ਦੀ ਤੈਸੀ ਕਰਨ ਨੂੰ ਲੱਗੇ ਹੋਏ ਹਨ ਅਤੇ ਗੰਦਗੀ ਫੈਲਾ ਕੇ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਦੀ ਤਾਜ਼ਾ ਉਦਾਹਰਨ ਬਰਨਾਲਾ ਦੇ ਸ਼ਕਤੀ ਨਗਰ, ਗਲੀ ਨੰਬਰ ਇੱਕ ਵਿੱਚ ਦੇਖੀ ਜਾ ਸਕਦੀ ਹੈ। ਮੁਹੱਲਾ ਨਿਵਾਸੀ ਐਡਵੋਕੇਟ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 4-5 ਮਹੀਨਿਆਂ ਤੋਂ ਇੱਥੇ ਇੱਕ ਸੀਵਰੇਜ਼ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਸੜਕ ’ਤੇ ਫੈਲ ਰਿਹਾ ਹੈ। ਸੀਵਰੇਜ ਓਵਰਫਲੋ ਦੇ ਕਾਰਨ ਸੜਕ ਦੇ ਇੱਕ ਪਾਸੇ ਛੋਟਾ ਤਲਾਬ ਬਣ ਚੁੱਕਾ ਹੈ, ਜਿਸ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਅਤੇ ਮੱਛਰਾਂ ਨੇ ਡੇਰਾ ਲਗਾ ਲਿਆ ਹੈ। ਇਸ ਭਿਆਨਕ ਬਦਬੂ ਕਾਰਨ ਮੁਹੱਲਾ ਨਿਵਾਸੀਆਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਬਿਮਾਰੀਆਂ ਫ਼ੈਲਣ ਦਾ ਡਰ ਸਤਾ ਰਿਹਾ ਹੈ। ਜਦਕਿ ਨਗਰ ਕੌਂਸਲ ਤੇ ਸੀਵਰੇਜ ਬੋਰਡ ਵਿਭਾਗ ਮੁਹੱਲਾ ਨਿਵਾਸੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ, ਕਿਉਂਕਿ ਇਸ ਸਮੱਸਿਆ ਸਬੰਧੀ ਵਾਰਡ ਦੇ ਕੌਂਸਲਰ ਤੇ ਐੱਸ.ਸੀ. ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਬੰਟੀ ਸ਼ੀਤਲ, ਸੀਵਰੇਜ ਬੋਰਡ ਦੇ ਅਧਿਕਾਰੀ ਸੁਰਿੰਦਰ ਕੁਮਾਰ, ਐੱਸ.ਡੀ.ਓ. ਪਰਮਿੰਦਰ ਸਿੰਘ ਅਤੇ ਐਕਸੀਅਨ ਰਾਹੁਲ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਉਹ ਇਸ ਸੀਵਰੇਜ ਦੇ ਓਵਰਫਲੋ ਦਾ ਪੁਖਤਾ ਇੰਤਜ਼ਾਮ ਕਰਨ ਦੀ ਬਜਾਏ ਇਕ ਦੋ ਵਾਰ ਖਾਲੀ ਕਰਕੇ ਚਲੇ ਗਏ ਜੋ ਕਿ ਦੂਜੇ ਜਾਂ ਤੀਜੇ ਦਿਨ ਫਿਰ ਤੋਂ ਓਵਰਫਲੋ ਹੋ ਗਿਆ ਸੀ। ਜਦੋਂ ਕਿ ਸੀਵਰੇਜ ਦੇ ਓਵਰਫਲੋ ਹੋਣ ਦਾ ਮੁੱਖ ਕਾਰਨ ਪਾਈਪ ਦਾ ਟੁੱਟ ਜਾਣਾ ਹੈ। ਇਸ ਦੇ ਓਵਰਫਲੋ ਨੂੰ ਰੋਕਣ ਲਈ ਪਾਈਪ ਨੂੰ ਬਦਲਿਆ ਜਾਣਾ ਜਰੂਰੀ ਹੈ ਪਰ ਸੀਵਰੇਜ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਪਾਈਪ ਬਦਲਣ ਲਈ ਲਾਰੇ ਲਗਾਉਂਦਾ ਆ ਰਿਹਾ ਹੈ ਅਤੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਸੀਵਰੇਜ਼ ਵਿਭਾਗ ਵਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਉਪਰੋਕਤ ਅਧਿਕਾਰੀਆਂ ਨੂੰ ਕਈ ਵਾਰ ਫੋਟੋ ਖਿੱਚ ਕੇ ਅਤੇ ਵੀਡੀਓ ਬਣਾ ਕੇ ਸੀਵਰੇਜ ਦੇ ਓਵਰਫਲੋ ਸਬੰਧੀ ਹਾਲਾਤਾਂ ਬਾਰੇ ਜਾਣੂ ਕਰਵਾਇਆ ਗਿਆ ਪਰ ਇਹਨਾਂ ਅਧਿਕਾਰੀਆਂ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਕੇਵਲ ਲਾਰੇ ਹੀ ਲਗਾਏ ਗਏ। ਉਨ੍ਹਾਂ ਸਰਕਾਰ ਦੀ ਹੈਲਥ ਵਿਭਾਗ ਦੀ ਟੀਮ ਨੂੰ ਵੀ ਮੌਕਾ ਦੇਖ ਕੇ ਜਾਣ ਦੀ ਅਪੀਲ ਕੀਤੀ।
ਮਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸੀਵਰੇਜ ਓਵਰਫਲੋ ਦੀ ਸਮੱਸਿਆ ਦਾ ਨਿਵਾਰਨ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਮੁਹੱਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਫੈਲਦੀ ਹੈ ਤਾਂ ਉਪਰੋਕਤ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਐਡਵੋਕੇਟ ਰਾਧੇ ਸ਼ਾਮ ਅਰੋੜਾ, ਡਾਕਟਰ ਲਲਿਤ ਖੁਰਾਨਾ, ਰਾਕੇਸ਼ ਕੁਮਾਰ, ਗੁਰਜੰਟ ਕੌਰ, ਨੀਰੂ ਜੇਠੀ, ਵੀਰਪਾਲ ਕੌਰ, ਜਤਿੰਦਰ ਕੁਮਾਰ, ਪ੍ਰੀਤ ਮਹਿੰਦਰ ਸਿੰਘ, ਸੁਨੇਹਾ ਅਰੋੜਾ, ਜਸਪ੍ਰੀਤ ਕੌਰ, ਦਿਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਮੁਹੱਲਾ ਨਿਵਾਸੀ ਵੀ ਮੌਜੂਦ ਸਨ।
ਜਦ ਇਸ ਸਬੰਧੀ ਸੀਵਰੇਜ ਵਿਭਾਗ ਬਰਨਾਲਾ ਦੇ ਐਕਸੀਅਨ ਰਾਹੁਲ ਕੌਸ਼ਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਦੇ ਕਾਮਿਆਂ ਦੀ ਹੜ੍ਹਤਾਲ ਕਾਰਨ ਸ਼ਹਿਰ ’ਚ ਵੱਡੇ ਪੱਧਰ ’ਤੇ ਕੰਮ ਪ੍ਰਭਾਵਿਤ ਹੋਏ ਸਨ, ਪਰ ਹੁਣ ਹੜ੍ਹਤਾਲ ਤੋਂ ਬਾਅਦ ਸ਼ਹਿਰ ਭਰ ਦੀਆਂ ਮੁਸ਼ਕਿਲਾਂ ਹੌਲੀ ਹੌਲੀ ਦੂਰ ਕੀਤੀਆਂ ਜਾ ਰਹੀਆਂ ਹਨ। ਸ਼ਕਤੀ ਨਗਰ ’ਚ ਸੀਵਰੇਜ ਓਵਰਫ਼ਲੋ ਹੋਣ ਦਾ ਮਾਮਲਾ ਦੀ ਮੇਰੇ ਧਿਆਨ ’ਚ ਹੈ ਤੇ ਇਕ ਦੋ ਦਿਨਾਂ ’ਚ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।