ਬਰਨਾਲਾ, 18 ਜੁਲਾਈ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੇ ਚੋਰੀਆਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐੱਸ ਨੇ ਦੱਸਿਆ ਕਿ ਡਾਇਰੈਕਟਰ ਜਰਨਲ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਅਸ਼ੋਕ ਕੁਮਾਰ ਕਪਤਾਨ ਪੁਲਿਸ (ਇੰਨ:), ਰਾਜਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ ਅਤੇ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਬਰਨਾਲਾ ਦੀ ਨਿਗਰਾਨੀ ਹੇਠ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਲੰਘੀ 9 ਜੁਲਾਈ ਨੂੰ ਸਹਾਇਕ ਥਾਣੇਦਾਰ ਦਲਜੀਤ ਸਿੰਘ ਸੀ.ਆਈ.ਏ. ਸਟਾਫ਼ ਬਰਨਾਲਾ ਨੂੰ ਗੁਪਤ ਇਤਲਾਹ ਮਿਲੀ ਕਿ ਕੁਝ ਵਿਅਕਤੀਆਂ ਨੇ ਮਿਲਕੇ ਇੱਕ ਗੈਂਗ ਬਣਾਇਆ ਹੋਇਆ ਹੈ, ਜੋ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪੈਟਰੋਲ ਪੰਪ, ਸ਼ਰਾਬ ਦੇ ਠੇਕੇ, ਘਰਾਂ ਵਿੱਚ ਚੋਰੀ ਕਰਨ ਅਤੇ ਰਾਹਗੀਰਾਂ ਨੂੰ ਲੁੱਟਣ ਆਦਿ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜਿੰਨ੍ਹਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੋਰੀ, ਲੁੱਟ-ਖੋਹ ਆਦਿ ਦੇ ਮੁਕੱਦਮੇਂ ਦਰਜ ਹਨ। ਅੱਜ ਵੀ ਇਹ ਸਾਰੇ ਜਾਣੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਟਰਾਈਡੈਂਟ ਫੈਕਟਰੀ, ਸੰਘੇੜਾ ਪਿੰਡ ਵਾਲੀ ਸਾਈਡ, ਰਾਏਕੋਟ ਰੋਡ, ਬਰਨਾਲਾ ਨੇੜੇ ਬੇ-ਆਬਾਦ ਕਲੋਨੀ ਵਿੱਚ ਲੁੱਟ-ਖੋਹ ਦੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿੰਨ੍ਹਾਂ ਪਾਸ ਇੱਕ ਪਿੱਕਅੱਪ ਗੱਡੀ ਨੰਬਰੀ ਪੀ.ਬੀ.-13-ਬੀ.ਯੂ.-8429 ਹੈ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਇਹ ਸਾਰੇ ਵਿਅਕਤੀ ਮਾਰੂ ਹਥਿਆਰਾਂ ਅਤੇ ਲੁੱਟ-ਖੋਹ ਜਾਂ ਚੋਰੀ ਕੀਤੇ ਸਮਾਨ ਸਮੇਤ ਰੰਗੇ ਹੱਥੀਂ ਕਾਬੂ ਆ ਸਕਦੇ ਹਨ। ਇਸ ਇਤਲਾਹ ਦੇ ਆਧਾਰ ’ਤੇ ਥਾਣਾ ਸਿਟੀ ਬਰਨਾਲਾ ਵਿਖੇ ਅਰਸ਼ਦੀਪ ਸਿੰਘ ਉਰਫ ਗਿੱਪੀ ਪੁੱਤਰ ਰਣਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਬਾਜੀਗਰ ਬਸਤੀ ਬਰਨਾਲਾ, ਲਖਵਿੰਦਰ ਸਿੰਘ ਉਰਫ ਗੁਰਮਾ ਪੁੱਤਰ ਬੇਅੰਤ ਸਿੰਘ ਵਾਸੀ ਰਾਮਸਰ ਕੋਨੇ ਬਾਜਾਖਾਨਾ ਰੋਡ ਬਰਨਾਲਾ, ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮਸਰ ਕੋਠੇ ਬਾਜਾਖਾਨਾ ਰੋਡ ਬਰਨਾਲਾ, ਸੁਖਚੈਨ ਸਿੰਘ ਉਰਫ ਚੈਨੀ ਪੁੱਤਰ ਪਾਲ ਸਿੰਘ ਵਾਸੀ ਰਾਮਸਰ ਕੋਠੇ ਬਾਜਾਖਾਨਾ ਰੋਡ ਬਰਨਾਲਾ ਅਤੇ ਜਸਨੂਰ ਸਿੰਘ ਉਰਫ ਨਿੱਕਾ ਪੁੱਤਰ ਗੁਰਜੰਟ ਸਿੰਘ ਵਾਸੀ ਨੇੜੇ ਦੁਸਹਿਰਾ ਗਰਾਊਂਡ ਆਵਾ ਬਸਤੀ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਦੌਰਾਨੇ ਤਫ਼ਤੀਸ਼ ਪੁਲਿਸ ਵੱਲੋਂ ਉਕਤਾਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਪਾਸੋਂ ਲੋਹਾ ਖੰਡਾ, 02 ਲੋਹੇ ਦੀ ਪਾਇਪਾਂ, ਐਂਗਲ ਲੋਹਾ ਜਿੰਨ੍ਹਾਂ ਨਾਲ ਗਰਾਰੀਆਂ ਫਿੱਟ ਹਨ, ਤਿੰਨ ਸਪਿਲਟ ਏ.ਸੀ ਸਮੇਤ ਕੰਪ੍ਰੈਸ਼ਰ, 05 ਐਲ.ਸੀ.ਡੀਜ਼, 02 ਇੰਨਵਰਟਰ, 01 ਬੈਟਰਾ, 11 ਮੋਬਾਇਲ ਫੋਨ, 05 ਲੈਪਟਾਪ ਅਤੇ ਇੱਕ ਪਿੰਕਅੱਪ ਗੱਡੀ ਨੰਬਰੀ ਪੀ.ਬੀ.-13-ਬੀ.ਯੂ.-8429 ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।