– ਵਿਧਾਇਕ ਅਨਮੋਲ ਗਗਨ ਮਾਨ ਨੇ ਦਿੱਤਾ ਅਹੁਦੇ ਤੋਂ ਅਸਤੀਫਾ, ਪਾਈ ਪੋਸਟ “ਦਿਲ ਭਾਰੀ ਹੈ, ਸਿਆਸਤ ਵੀ ਛੱਡ ਦੇਣੀ”
– ਅਸਤੀਫਾ ਹੋ ਗਿਆ ਪ੍ਰਵਾਨ ਤਾਂ ਵਿਧਾਨ ਸਭਾ ਹਲਕਾ ਖਰੜ ਤੋਂ ਆਏਗੀ ਉਪ ਚੋਣ
ਚੰਡੀਗੜ੍ਹ, 19 ਜੁਲਾਈ (ਰਵਿੰਦਰ ਸ਼ਰਮਾ) : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਕਿਸਾਨਾਂ ਨੂੰ ਸਾਰੀਆਂ ਫਸਲਾਂ ’ਤੇ ਐਮਐਸਪੀ ਦੇਣ ਦੀ ਗਰੰਟੀ ਪੰਜ ਮਿੰਟ ਵਿੱਚ ਪੂਰੀ ਕਰਨ ਦੇ ਐਲਾਨ ਕਰਨ ਵਾਲੀ ਬੀਬੀ ਸਿਆਸੀ ਮੈਦਾਨ ਛੱਡ ਗਈ ਹੈ। ਆਮ ਆਦਮੀ ਪਾਰਟੀ ਦੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਜੋ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਵੀ ਸੇਵਾ ਨਿਭਾ ਚੁੱਕੇ ਹਨ ,ਜਿਨਾਂ ਨੂੰ 23 ਸਤੰਬਰ 2024 ਨੂੰ ਮੰਤਰੀ ਦੇ ਅਹੁਦੇ ਤੋਂ ਪਾਸੇ ਕਰ ਦਿੱਤਾ ਸੀ, ਨੇ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ। ਵਿਧਾਇਕ ਅਨਮੋਲ ਗਗਨ ਮਾਨ ਨੇ ਫੇਸਬੁਕ ਪੋਸਟ ਪਾ ਕੇ ਲਿਖਿਆ ਹੈ ਕਿ ” ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ, ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ, ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ, ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ” । ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਅਸਤੀਫਾ ਦੇਣ ਅਤੇ ਸਿਆਸਤ ਛੱਡਣ ਦਾ ਫੈਸਲਾ ਘਰੇਲੂ ਜਿੰਮੇਵਾਰੀਆਂ ਹੋ ਸਕਦੀਆਂ ਹਨ ਪਰ ਸਿਆਸੀ ਚਰਚਾ ਭਾਰੂ ਹੋ ਗਈ ਹੈ ਕਿ ਉਹ ਪਾਰਟੀ ਤੋਂ ਕੁਝ ਨਰਾਜ਼ ਚੱਲ ਰਹੇ ਸਨ। ਹੈਰਾਨਗੀ ਇਸ ਗੱਲ ਦੀ ਹੈ ਕਿ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਤਿੰਨ ਦਿਨ ਪਹਿਲਾਂ ਹੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ ਅਤੇ ਕਈ ਮਸਲਿਆਂ ’ਤੇ ਵਿਚਾਰ ਚਰਚਾ ਕਰਨ ਦੀ ਗੱਲ ਵੀ ਦੱਸੀ ਸੀ ਪਰ ਆਖਰਕਾਰ ਅੱਜ ਅਚਨਚੇਤ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ, ਜਿਸ ਨੇ ਸਿਆਸੀ ਹਲਕਿਆਂ ਵਿੱਚ ਹੜਕੰਪ ਮਚਾ ਕੇ ਰੱਖ ਦਿੱਤਾ ਹੈ। ਦੱਸ ਦਈਏ ਅਨਮੋਲ ਗਗਨ ਮਾਨ ਜੋ 2020 ਵਿੱਚ ਆਪ ਵਿੱਚ ਸ਼ਾਮਿਲ ਹੋਏ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਬਣੇ ਤੇ ਮੰਤਰੀ ਵੀ ਰਹੇ। ਉਹ ਯੂਥ ਵਿੰਗ ਦੇ ਵੀ ਪ੍ਰਧਾਨ ਦੇ ਤੌਰ ’ਤੇ ਸੇਵਾ ਨਿਭਾ ਚੁੱਕੇ ਹਨ । ਉਹਨਾਂ ਪ੍ਰੈਸ ਕਾਨਫਰਸ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਾਰੀਆਂ ਫਸਲਾਂ ਤੇ ਪੰਜ ਮਿੰਟ ਵਿੱਚ ਗਰੰਟੀ ਦੇਣ ਦਾ ਵੀ ਐਲਾਨ ਕਰ ਦਿੱਤਾ ਸੀ, ਜਿਸ ਦਾ ਸਿਆਸੀ ਲੀਡਰਾਂ ਵੱਲੋਂ ਮਜ਼ਾਕ ਵੀ ਉਡਾਇਆ ਗਿਆ। ਜਾਣਕਾਰੀ ਇਹ ਵੀ ਦੇ ਦਈਏ ਕਿ ਅਨਮੋਲ ਗਗਨ ਮਾਨ ਸੱਭਿਆਚਾਰ ਵਿੱਚ ਵੀ ਚਰਚਿਤ ਚਿਹਰਾ ਰਹੇ ਹਨ ਅਤੇ ਲੰਬਾ ਸਮਾਂ ਉਹਨਾਂ ਗਾਇਕੀ ਵੀ ਕੀਤੀ ਹੈ ਅਤੇ ਹਾਲ ਹੀ ਵਿੱਚ ਉਹਨਾਂ ਦਾ ਵਿਆਹ ਵੀ ਹੋਇਆ ਹੈ। ਜੇਕਰ ਵਿਧਾਇਕ ਅਨਮੋਲ ਗਗਨ ਮਾਨ ਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਅਸਤੀਫਾ ਮਨਜ਼ੂਰ ਕਰਦੇ ਹਨ ਤਾਂ ਫਿਰ ਇਸ ਹਲਕੇ ਤੋਂ ਵੀ ਜ਼ਿਮਨੀ ਚੋਣ ਆਉਣ ਦੀ ਤਿਆਰੀ ਹੈ।