ਬਰਨਾਲਾ\ਮਹਿਲ ਕਲਾਂ, 22 ਜੁਲਾਈ (ਰਵਿੰਦਰ ਸ਼ਰਮਾ): ਲੁਧਿਆਣਾ-ਬਰਨਾਲਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਸਹਿਜੜਾ ਕੋਲ ਡਰੇਨ ਦੇ ਪੁਲ ਨੇੜੇ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਲਗਭਗ 5:30 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਅਨੁਸਾਰ ਇਕ ਰੇਤ ਨਾਲ ਭਰਿਆ ਟਰਾਲਾ ਟਾਇਰ ਫਟਣ ਕਾਰਨ ਸੜਕ ਕਿਨਾਰੇ ਖੜਾ ਸੀ। ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਟਰਾਲੇ ਦੇ ਪਿੱਛੇ ਜਾ ਟਕਰਾਏ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਉਰਫ ਕਾਲੂ (ਉਮਰ 28 ਸਾਲ), ਪੁੱਤਰ ਜਰਨੈਲ ਸਿੰਘ ਵਾਸੀ ਸਹੌਰ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਅੰਮ੍ਰਿਤਪਾਲ ਸਿੰਘ (ਉਮਰ 30 ਸਾਲ), ਪੁੱਤਰ ਗੁਰਮੇਲ ਸਿੰਘ ਵਾਸੀ ਸਹੌਰ ਵਜੋਂ ਹੋਈ। ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰਾਏਕੋਟ ਦੀ ਇਕ ਫੈਕਟਰੀ ਵਿਚ ਕੰਮ ‘ਤੇ ਜਾ ਰਹੇ ਸਨ। ਜ਼ਖ਼ਮੀ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ।
ਇਸ ਮੌਕੇ ‘ਤੇ ਥਾਣਾ ਮਹਿਲ ਕਲਾਂ ਤੋਂ ਏ.ਐੱਸ.ਆਈ. ਗੁਰਸਿਮਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਦਸਾ ਵਾਪਰਦਿਆਂ ਹੀ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪਿੰਡ ਸਹੌਰ ਦੇ ਸਰਪੰਚ ਲਖਬੀਰ ਸਿੰਘ, ਪੰਚ ਦਰਬਾਰਾ ਸਿੰਘ, ਸਾਬਕਾ ਪੰਚ ਬਹਾਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਤੇ ਕਰਨੈਲ ਸਿੰਘ ਹਾਜ਼ਰ ਸਨ। ਇਸ ਮੌਕੇ ਸੜਕ ਸੁਰੱਖਿਆ ਫੋਰਸ 112 ਦੀ ਟੀਮ ਇੰਚਾਰਜ ਜਗਮੋਹਣ ਸਿੰਘ ਨੇ ਟਰਾਲੇ ਹੇਠੋਂ ਮ੍ਰਿਤਕ ਨੌਜਵਾਨ ਦੀ ਲਾਸ਼ ਕਢਵਾਈ ਤੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪੁਲਸ ਵੱਲੋਂ ਹਾਦਸੇ ਮਗਰੋਂ ਦੋਵੇਂ ਪਾਸਿਆਂ ਦੀ ਆਵਾਜਾਈ ਵੀ ਬਹਾਲ ਕਰਵਾਈ ਗਈ।

Posted inਬਰਨਾਲਾ