ਤਪਾ ਮੰਡੀ\ਬਰਨਾਲਾ, 28 ਜੁਲਾਈ (ਰਵਿੰਦਰ ਸ਼ਰਮਾ) : ਇਲਾਕੇ ਅੰਦਰ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਚੋਰ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਪ੍ਰੰਤੂ ਪੁਲਿਸ ਇਨ੍ਹਾਂ ਚੋਰਾਂ ਅੱਗੇ ਮੂਕ ਦਰਸ਼ਕ ਬਣੀ ਹੋਈ ਦਿਖਾਈ ਦਿੰਦੀ ਹੈ, ਜਿਸਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਗਾ ਕੇ ਰੱਖ ਦਿੱਤੇ ਹਨ। ਅਜਿਹੀ ਹੀ ਇਕ ਚੋਰੀ ਦੀ ਘਟਨਾ ਤਪਾ-ਆਲੀਕੇ ਡਰੇਨ ਨਜ਼ਦੀਕ ਖੇਤਾਂ ’ਚ ਸਥਿਤ ਘਰਾਂ (ਕੋਠੇ ਬੂਟੀ ਕੇ) ’ਚ ਵਾਪਰੀ, ਜਦੋਂ ਚੋਰ ਘਰ ਅੰਦਰ ਦਾਖਲ ਹੋ ਕੇ ਸੋਨਾ ਤੇ ਨਕਦੀ ਚੋਰੀ ਕਰਕੇ ਲੈ ਗਏ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪੁੱਤਰ ਕਰਤਾਰ ਸਿੰਘ ਬੂਟੀ ਕੇ ਆਪਣੇ ਪਰਿਵਾਰ ਸਮੇਤ ਖੇਤ ਸਥਿਤ ਘਰ ਚ ਰਹਿੰਦੇ ਹਨ, ਜਿੱਥੇ ਉਨ੍ਹਾਂ ਦੇ ਇਕੋ ਜਗ੍ਹਾ ’ਚ ਦੋ ਘਰ ਬਣੇ ਹੋਏ ਹਨ। ਬੀਤੀ ਰਾਤ ਚੋਰ ਖੇਤਾਂ ਰਾਹੀ ਹੁੰਦੇ ਹੋਏ ਕੰਧ ਟੱਪ ਕੇ ਇਕ ਘਰ ਅੰਦਰ ਦਾਖਲ ਹੋਏ ਅਤੇ ਘਰ ਦੇ ਕਮਰੇ ਦੀ ਖਿੜਕੀ ਦੀ ਭੰਨ-ਤੋੜ ਕਰ ਕੇ ਕਮਰਿਆਂ ਅੰਦਰ ਦਾਖਲ ਹੋ ਗਏ, ਜਿੱਥੇ ਉਨ੍ਹਾਂ ਸਭ ਤੋਂ ਪਹਿਲਾਂ ਘਰ ਅੰਦਰ ਬੰਨੇ ਰਟੀਵਰ ਗੋਲਡਨ ਨਸਲ ਦੇ ਕੁੱਤੇ ਨੂੰ ਕੁਝ ਸੁੰਘਾ ਕੇ ਦੂਰ ਬੰਨ੍ਹ ਦਿੱਤਾ ਉਪਰੰਤ ਕਮਰੇ ਅੰਦਰ ਪਈਆਂ ਅਲਮਾਰੀਆਂ, ਪੇਟੀਆਂ ਦੀ ਭੰਨ-ਤੋੜ ਕਰ ਕੇ 3 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ, 40 ਹਜ਼ਾਰ ਰੁਪਏ ਤੇ ਨਾਲ ਲੱਗਦੇ ਘਰ ਵਿਚੋਂ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੂੰ ਸਵੇਰ ਹੋਣ ਤੇ ਪਤਾ ਲੱਗਾ, ਜਦੋਂ ਉਹ ਅੰਦਰ ਬੰਨੇ ਹੋਏ ਕੁੱਤੇ ਨੂੰ ਬਾਹਰ ਕੱਢਣ ਲਈ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਕਮਰਿਆਂ ਅੰਦਰ ਰੱਖੀਆਂ ਅਲਮਾਰੀਆਂ, ਪੇਟੀਆਂ ਤੇ ਬੈਡਾਂ ਵਿਚੋਂ ਸਾਰਾ ਸਾਮਾਨ ਬਾਹਰ ਬਿਖਰਿਆ ਪਿਆ ਹੈ। ਜਦਕਿ ਪਰਿਵਾਰ ਦੇ ਮੈਂਬਰ ਦੂਸਰੇ ਘਰ ਦੇ ਇਕ ਕਮਰੇ ਅੰਦਰ ਘੂਕ ਸੁੱਤੇ ਪਏ ਸਨ ਤੇ ਬਜ਼ੁਰਗ ਮਾਤਾ ਲਾਬੀ ਦੇ ’ਚ ਪਈ ਸੀ। ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਲਗਭਗ ਚਾਰ ਕੁ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਊਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਸਹਾਇਕ ਥਾਣੇਦਾਰ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਫਿਲਹਾਲ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ਤੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਇੰਨਾ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Posted inਬਰਨਾਲਾ