– ਵਿਰੋਧੀਆਂ ਨੇ ਉਠਾਏ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ
ਚੰਡੀਗੜ੍ਹ, 1 ਅਗਸਤ (ਰਵਿੰਦਰ ਸ਼ਰਮਾ) : ਮਸ਼ਹੂਰ ਗੈਂਗਸਟਰ ਜੇਲ ਵਿੱਚ ਬੰਦ ਜੱਗੂ ਭਗਵਾਨਪੁਰੀਆ ਨੇ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰ ਅਤੇ ਉਹਨਾਂ ਦੇ ਸਪੁੱਤਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ, ਜਿਸ ਦੀ ਪੋਸਟ ਪਾ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਸ਼ਟੀ ਕੀਤੀ ਹੈ ਅਤੇ ਜੱਗੂ ਭਗਵਾਨਪੁਰੀਆ ਦੀ ਧਮਕੀ ਤੇ ਡਰਨ ਵਾਲਾ ਨਹੀਂ ਦੇ ਸ਼ਬਦ ਵੀ ਲਿਖ ਦਿੱਤੇ ਹਨ। ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਕਾਂਗਰਸੀ ਆਗੂ ਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ ਦੀ ਵਾਇਰਲ ਪੋਸਟ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਭੱਖ਼ਦੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮੇਤ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰ ਜੇਲ ਵਿੱਚ ਬੰਦ ਗੈਂਗਸਟਰਾਂ ਨੂੰ ਫੋਨ ਸਮੇਤ ਵੀਵੀਆਈਪੀ ਸਹੂਲਤਾਂ ਕਿਉਂ ਮਿਲ ਰਹੀਆਂ ਹਨ? ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖਿਆ ਹੈ ਕਿ ਮੇਰਾ ਇੱਕ ਸਾਥੀ ਮੇਰੇ ਪੁੱਤਰ ਨੂੰ ਮਿਲਿਆ ਤੇ ਜਾਣ ਦੇ ਇੱਕ ਘੰਟੇ ਦੇ ਅੰਦਰ ਅੰਦਰ ਅੱਜ ਉਸ ਤੇ ਗੋਲੀਬਾਰੀ ਕਰ ਦਿੱਤੀ ਗਈ, ਮੈਂ ਸੰਸਦ ਸੈਸ਼ਨ ਲਈ ਦਿੱਲੀ ਵਿੱਚ ਹਾਂ ਕੋਈ ਵੀ ਗੈਂਗਸਟਰ ਮੈਨੂੰ ਹਲਾ ਨਹੀਂ ਸਕਦਾ। ਰੰਧਾਵਾ ਲਿਖਦੇ ਹਨ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰਾਂ ਦੇ ਸਵਰਗ ਵਿੱਚ ਬਦਲ ਦਿੱਤਾ ਹੈ ਜਿੱਥੇ ਕਾਨੂੰਨ ਵਿਵਸਥਾ ਪੂਰੀ ਤਰਹਾਂ ਢਹਿ ਢੇਰੀ ਹੋ ਗਈ ਹੈ। ਜ਼ਿਕਰ ਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕੇ ਵਿੱਚ ਹੀ ਜੱਗੂ ਭਗਵਾਨਪੁਰੀਆ ਦਾ ਪਿੰਡ ਆਉਂਦਾ ਹੈ ਅਤੇ ਉਸਦੀ ਮਾਤਾ ਦਾ ਵੀ ਪਿਛਲੇ ਦਿਨੀ ਗੈਂਗਸਟਰਾਂ ਵੱਲੋਂ ਤਾਬੜ ਤੋੜ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਸਵਾਲ ਉਠਾਏ ਹਨ।

Posted inਚੰਡੀਗੜ੍ਹ