ਬਰਨਾਲਾ, 3 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਦੇ ਬੱਸ ਨੇੜੇ ਸਥਿਤ ਗੁਰਦੁਆਰਾ ਸਾਹਿਬ ਨੇੜਿਓਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੇੜਲੇ ਪਿੰਡ ਅਸਪਾਲ ਕਲਾਂ ਦਾ ਰਹਿਣ ਵਾਲਾ ਸੀ, ਜੋ ਕਿ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੀ ਪਹਿਚਾਣ 24 ਸਾਲਾ ਤੇਜਿੰਦਰ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ, ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਪ੍ਰਾਈਵੇਟ ਕਾਰ ਚਲਾ ਕੇ ਪਰਿਵਾਰ ਦੀ ਆਰਥਿਕ ਸਹਾਇਤਾ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਿੰਦਰ ਪਿਛਲੇ ਦਿਨੀਂ ਇਕ ਸਵਾਰੀ ਨੂੰ ਲੈ ਕੇ ਬਰਨਾਲੇ ਆਇਆ ਹੋਇਆ ਸੀ ਅਤੇ ਕਿਸੇ ਅਣਜਾਣ ਵਿਅਕਤੀ ਵੱਲੋਂ ਮਿਲੇ ਫੋਨ ਦੇ ਆਧਾਰ ’ਤੇ ਐਕਸੀਡੈਂਟ ਸਬੰਧੀ ਬੁਲਾਵੇ ’ਤੇ ਗਿਆ ਸੀ। ਉਸ ਤੋਂ ਬਾਅਦ ਨਾ ਤਾਂ ਉਹ ਘਰ ਵਾਪਸ ਆਇਆ ਅਤੇ ਨਾ ਹੀ ਉਸ ਦਾ ਮੋਬਾਈਲ ਚੱਲਦਾ ਮਿਲਿਆ। ਸਵੇਰੇ ਬਰਨਾਲਾ ਪੁਲਿਸ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਉਸ ਦੀ ਕਾਰ ਵਿੱਚੋਂ ਲਾਸ਼ ਮਿਲੀ ਹੈ। ਮੌਕੇ ‘ਤੇ ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਛਾਣ ਕੀਤੀ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮੌਤ ਨੂੰ ਸ਼ੱਕੀ ਹਾਲਾਤ ਨਾਲ ਜੋੜ ਕੇ ਡੂੰਘੀ ਜਾਂਚ ਦੀ ਮੰਗ ਕੀਤੀ ਗਈ ਹੈ। ਮ੍ਰਿਤਕ ਵਿਆਹਿਆ ਨਹੀਂ ਸੀ ਅਤੇ ਆਪਣੇ ਪਿਛੇ ਮਾਤਾ-ਪਿਤਾ ਅਤੇ ਦੋ ਭੈਣਾਂ ਨੂੰ ਛੱਡ ਗਿਆ। ਉਸ ਨੇ ਲੋਨ ਲੈ ਕੇ ਕਾਰ ਖਰੀਦੀ ਸੀ ਤਾਂ ਜੋ ਘਰ ਦਾ ਖਰਚ ਚਲਾ ਸਕੇ। ਹੁਣ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਕਿਸਾਨ ਪਰਿਵਾਰ ਦੇ ਪੁੱਤ ਦੀ ਮੌਤ ਹੋਣ ਕਾਰਨ ਕਾਰ ਲੋਨ ਮਾਫ ਕੀਤਾ ਜਾਵੇ। ਇਸ ਮਾਮਲੇ ’ਚ ਬੱਸ ਸਟੈਂਡ ਬਰਨਾਲਾ ਪੁਲਸ ਚੌਂਕੀ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 196 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਅਗੇ ਦੱਸਿਆ ਕਿ ਪਰਿਵਾਰਕ ਬਿਆਨਾਂ ‘ਚ ਇਹ ਵੀ ਆਇਆ ਹੈ ਕਿ ਮ੍ਰਿਤਕ ਨੂੰ ਪਹਿਲਾਂ ਵੀ ਅਟੈਕ ਆ ਚੁੱਕਾ ਸੀ ਪਰ ਮੌਤ ਦੇ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੇ।

Posted inਬਰਨਾਲਾ