
ਬਰਨਾਲਾ\ਧਨੌਲਾ, 4 ਅਗਸਤ (ਰਵਿੰਦਰ ਸ਼ਰਮਾ) : ਮੰਗਲਵਾਰ ਨੂੰ ਧਨੌਲਾ ਦੇ ਪ੍ਰਸਿੱਧ ਸ੍ਰੀ ਹਨੂੰਮਾਨ ਮੰਦਰ ਬਰਨੇ ਵਾਲਾ ਵਿਖੇ ਭਿਆਨਕ ਹਾਦਸਾ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਹੋਈ ਜਾਣਕਾਰੀ ਅਨੁਸਾਰ ਮੰਗਲਵਾਰ ਦਾ ਦਿਨ ਹੋਣ ਕਾਰਨ ਮੰਦਰ ’ਚ ਸ਼ਰਧਾਲੂਆਂ ਵਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਪੂਰੀਆਂ ਕੱਢਦੇ ਸਮੇਂ ਤੇਲ ਵਾਲੀ ਕੜਾਹੀ ਨੂੰ ਅੱਗ ਲੱਗ ਗਈ। ਜੋ ਕਿ ਵੱਧਦੀ ਵੱਧਦੀ ਪਾਇਪਾਂ ਰਾਹੀਂ ਹੁੰਦੀ ਹੋਈ ਭੱਠੀ ਤੱਕ ਪੁੱਜ ਗਈ ਤੇ ਭਿਆਨਕ ਰੂਪ ਧਾਰਨ ਕਰ ਲਿਆ। ਸ਼ਰਧਾਲੂਆਂ ਤੇ ਹਾਜ਼ਰ ਲੋਕਾਂ ਨੇ ਬੜੀ ਮਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ 4 ਜਣੇ ਬੁਰੀ ਤਰ੍ਹਾਂ ਝੁਲਸ ਗਏ, ਜਿੰਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਧਨੌਲਾ ਲਿਜਾਇਆ ਗਿਆ। ਜਿੱਥੇ ਗੰਭੀਰ ਹਾਲਤ ਦੇ ਚੱਲਦਿਆਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਜਖ਼ਮੀਆਂ ’ਚ ਦਲੀਪ, ਮਿੱਠੂ ਸਿੰਘ, ਅਭੀਨੰਦਨ, ਅਜੇ, ਬਲਵਿੰਦਰ ਸਿੰਘ, ਰਾਮ ਜਤਨ, ਵਿਸ਼ਾਲ ਰਾਮ ਚੰਦਰ, ਗੁਰਮੀਤ ਕੌਰ, ਮਨਜੀਤ ਕੌਰ, ਗੁਰਮੇਲ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ, ਸਰਬਜੀਤ ਕੌਰ ਆਦਿ ਸ਼ਾਮਲ ਹਨ।