ਬਰਨਾਲਾ, 6 ਅਗਸਤ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਪਸ਼ੂ ਹਸਪਤਾਲ ’ਚ ਡਾਕਟਰ ਦੀ ਲਗਾਤਾਰ ਗੈਰਹਾਜ਼ਰੀ ਕਾਰਨ ਕਿਸਾਨਾਂ ਤੇ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ ਤੇ ਸਤਨਾਮ ਸਿੰਘ ਮੂੰਮ ਦੀ ਅਗਵਾਈ ਹੇਠ ਪਿੰਡ ਦੇ ਕਈ ਆਗੂਆਂ ਤੇ ਨਾਗਰਿਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਕਿਸਾਨ ਆਗੂਆਂ ਨੇ ਦੱਸਿਆ ਕਿ ਹਸਪਤਾਲ ਵਿੱਚ ਤਾਇਨਾਤ ਡਾਕਟਰ ਲੰਬੇ ਸਮੇਂ ਤੋਂ ਆਉਣੇ ਤੋਂ ਕਾਸਰ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਦੂਰ-ਦਰਾਜ ਦੇ ਪਿੰਡਾਂ ਵਿੱਚ ਜਾਣਾ ਪੈਂਦਾ ਹੈ। ਇਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਨਾਲ ਹੀ ਮਰੀਜ਼ ਪਸ਼ੂਆਂ ਦੀ ਹਾਲਤ ਵੀ ਖਰਾਬ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਪਹਿਲਾਂ ਵੀ ਜਿਲ੍ਹਾ ਪਸ਼ੂ ਪਾਲਣ ਅਧਿਕਾਰੀ ਬਰਨਾਲਾ ਨੂੰ ਲਿਖਤੀ ਰੂਪ ਵਿੱਚ ਦੱਸ ਕੇ ਡਾਕਟਰ ਦੀ ਨਵੀਂ ਤਾਇਨਾਤੀ ਦੀ ਮੰਗ ਕੀਤੀ ਗਈ ਸੀ। ਉੱਥੋਂ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਕਾਰਵਾਈ ਕੀਤੀ ਜਾਵੇਗੀ, ਪਰ ਅੱਜ ਤਕ ਨਾ ਤਾਂ ਜਾਂਚ ਪੂਰੀ ਹੋਈ ਹੈ ਅਤੇ ਨਾ ਹੀ ਕੋਈ ਡਾਕਟਰ ਭੇਜਿਆ ਗਿਆ। ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਜੇਕਰ ਤੁਰੰਤ ਗਹਿਲ ਪਸ਼ੂ ਹਸਪਤਾਲ ਵਿੱਚ ਡਾਕਟਰ ਤਾਇਨਾਤ ਨਾ ਕੀਤਾ ਗਿਆ, ਤਾਂ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਉੱਤੇ ਹੋਵੇਗੀ।
ਇਸ ਮੌਕੇ ਜਸਵਿੰਦਰ ਸਿੰਘ ਜੱਸਾ, ਹਰਦੇਵ ਸਿੰਘ, ਦਲਜੀਤ ਸਿੰਘ, ਜੁਗਿੰਦਰ ਸਿੰਘ, ਕੇਵਲ ਸਿੰਘ, ਕਰਮਜੀਤ ਸਿੰਘ ਸਮੇਤ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ। ਦੂਜੇ ਪਾਸੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਕਰਮਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਹ ਮਾਮਲਾ ਪਹਿਲਾਂ ਵੀ ਇਨਕੁਇਰੀ ਹੇਠ ਸੀ, ਪਰ ਸ਼ਿਕਾਇਤਕਰਤਾ ਵੱਲੋਂ ਬਿਆਨ ਦਰਜ ਨਾ ਕਰਵਾਏ ਜਾਣ ਕਾਰਨ ਰਿਪੋਰਟ ਅਧੂਰੀ ਰਹਿ ਗਈ। ਹੁਣ ਮੁੜ ਉੱਚ ਅਧਿਕਾਰੀ ਦੀ ਡਿਊਟੀ ਲਾ ਕੇ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਉਪਰਲੇ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਧਰ ਦੂਜੇ ਪਾਸੇ ਡਾ. ਹਤਿੰਦਰ ਕੁਮਾਰ ਨੇ ਗੈਰ ਹਾਜ਼ਰੀ ਸਬੰਧੀ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਪਿੰਡ ਗਹਿਲ ਅਤੇ ਨਰਾਇਣਗੜ੍ਹ ਸੋਹੀਆਂ ਵਿਖੇ ਫੀਲਡ ਵਿੱਚ ਜਾ ਕੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਅਤੇ ਉਨ੍ਹਾਂ ਵੱਲੋਂ ਕੋਈ ਅਜਿਹੀ ਗੈਰ ਹਾਜ਼ਰੀ ਦਾ ਮਾਮਲਾ ਨਹੀਂ ਹੈ, ਉਹ ਆਪਣੀ ਡਿਊਟੀ ਬਾਖ਼ੂਬੀ ਨਿਭਾਉਂਦੇ ਰਹੇ ਹਨ।

Posted inਬਰਨਾਲਾ