ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਪੰਜਾਬ ਸਰਕਾਰ : ਸਾਂਝਾ ਫਰੰਟ
ਬਰਨਾਲਾ, 8 ਅਗਸਤ (ਰਵਿੰਦਰ ਸ਼ਰਮਾ) : ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਗਏ ਸੂਬਾਈ ਸੱਦੇ ਅਨੁਸਾਰ ਜ਼ਿਲ੍ਹਾ ਕਮੇਟੀ ਬਰਨਾਲਾ ਵੱਲੋਂ ਸਥਾਨਕ ਡੀ.ਸੀ. ਕੰਪਲੈਕਸ ਬਰਨਾਲਾ ਵਿਖੇ ਇਕੱਤਰਤਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਥੋਂ ਰੋਸ ਮਾਰਚ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਡੀ.ਸੀ. ਦਫ਼ਤਰ ਦੇ ਗੇਟ ਤੇ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ ।
ਸਾਂਝਾ ਫਰੰਟ ਦੇ ਆਗੂਆਂ ਨੇ ਦਰਸ਼ਨ ਚੀਮਾ, ਬਲਜਿੰਦਰ ਪ੍ਰਭੂ,ਮਨੋਹਰ ਲਾਲ,ਬਲਦੇਵ ਧੌਲਾ,ਸੁਖਜੰਟ ਸਿੰਘ,ਗੁਰਚਰਨ ਸਿੰਘ,ਜਗਤਾਰ ਸਿੰਘ ਖੇੜੀ ਨੇ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਬਾਰੇ ਵਾਰ-ਵਾਰ ਮੀਟਿੰਗਾਂ ਤੋਂ ਭੱਜਣ ਅਤੇ ਸਾਜਸ਼ੀ ਚੁੱਪ ਨੂੰ ਮੁਲਾਜ਼ਮਾਂ ਪੈਨਸ਼ਨਰਾਂ ਨਾਲ ਧੋਖਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਮੰਗਾਂ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਜਿੰਨ੍ਹਾਂ ਵਿੱਚ ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕਰਨ, ਮਾਣ ਭੱਤਾ ਵਰਕਰਾਂ ਲਈ ਘੱਟੋ ਘੱਟ ਉਜਰਤ ਦਾ ਕਾਨੂੰਨ ਲਾਗੂ ਕਰਨ, ਆਊਟ ਸੋਰਸ, ਕੱਚੇ ਅਤੇ ਠੇਕਾ ਭਰਤੀ ਵਾਲਿਆਂ ਨੂੰ ਪੱਕਾ ਕਰਨ, ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ, ਪੰਜਾਬ ਪੇ ਸਕੇਲ ਬਹਾਲ ਕਰਨਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਪੇਂਡੂ ਭੱਤੇ ਸਮੇਤ 37 ਕਿਸਮ ਦੇ ਭੱਤੇ ਜਾਰੀ ਕਰਨ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਜਾਰੀ ਕਰਨ ਅਤੇ ਇਸਦੇ ਬਕਾਏ ਯਕਮੁਸ਼ਤ ਜਾਰੀ ਕਰਨ ਦੀਆਂ ਮੰਗਾਂ ਮੁੱਖ ਤੌਰ ‘ਤੇ ਸ਼ਾਮਲ ਹਨ। ਇਸ ਮੌਕੇ ਕਰਮਜੀਤ ਬੀਹਲਾ,ਰਾਜੀਵ ਕੁਮਾਰ, ਕੌਰ ਸਿੰਘ,ਸਾਧੂ ਸਿੰਘ, ਮਨਮੋਹਨ ਭੱਠਲ,ਨਰੈਣ ਦੱਤ,ਹਰਿੰਦਰ ਮੱਲੀਆਂ, ਸ਼੍ਰੀ ਚੰਦ, ਪਰਮਜੀਤ ਪਾਸੀ,ਤੇਜਿੰਦਰ ਤੇਜੀ,ਰਮਨਦੀਪ ਬਰਨਾਲਾ,ਜਗਵੰਤ ਸਿੰਘ,ਜੱਗਾ ਸਿੰਘ, ਮੋਹਨ ਸਿੰਘ ਛੰਨਾ,ਅਮਰਜੀਤ ਸਿੰਘ ਖਾਲਸਾ, ਤੀਰਥ ਦਾਸ,ਪ੍ਰਭੂ ਸਿੰਘ,ਮਿਲਖਾ ਸਿੰਘ,ਕਮਲਜੀਤ ਜਲੂਰ, ਚੇਤ ਸਿੰਘ ਜਲੂਰ,ਬਲਦੇਵ ਮੰਡੇਰ,ਨਵਨੀਤ ਸਿੰਘ ਆਦਿ ਆਗੂ ਹਾਜ਼ਰ ਸਨ।

Posted inਬਰਨਾਲਾ