11 ਅਗਸਤ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਵਿੱਚ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ
ਬਰਨਾਲਾ, 10 ਅਗਸਤ (ਰਵਿੰਦਰ ਸ਼ਰਮਾ) : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਦੀ ਅਗਵਾਈ ਵਿੱਚ ਪੰਜਾਬ ਪੱਧਰੀ ਅਣਮਿੱਥੇ ਸਮੇਂ ਦੀ ਹੜਤਾਲ ਸੱਤਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ। ਪਰ ਪੰਜਾਬ ਸਰਕਾਰ ਇਹਨਾਂ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਪੁਖਤਾ ਹੱਲ ਨਹੀਂ ਕਰ ਰਹੀ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐੱਮ.ਐੱਫ.) ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਪ੍ਰਭੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਕਰਮਚਾਰੀਆਂ ਨਾਲ ਮੀਟਿੰਗਾਂ ਜ਼ਰੂਰ ਕੀਤੀਆਂ ਜਾ ਰਹੀਆਂ ਹਨ ਪਰ ਮੀਟਿੰਗ ਵਿਚੋਂ ਭਰੋਸੇ ਤੋਂ ਇਲਾਵਾ ਹੋਰ ਕੁੱਝ ਨਹੀਂ ਨਿਕਲਦਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 06/08/2025 ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਕਿਹਾ ਗਿਆ ਕਿ ਸਾਡੀ ਸਰਕਾਰ ਤੁਹਾਡੀ ਤਨਖਾਹ ਜ਼ਿਆਦਾ ਨਹੀਂ ਕਰ ਸਕਦੀ ਕਿਉਂਕਿ ਕਈ ਮੰਡੀਆਂ ਜਿਵੇਂ ਕਿ ਭੀਖੀ, ਚੀਮਾ ਤੇ ਦਿੜ੍ਹਬਾ ਇਹ ਗਰੀਬ ਮੰਡੀਆਂ ਹਨ ਇਨ੍ਹਾਂ ਦੀ ਇਨਕਮ ਬਹੁਤ ਘੱਟ ਹੈ। ਇਸ ਮੌਕੇ ਹੀ ਜਥੇਬੰਦੀ ਵੱਲੋਂ ਕਿਹਾ ਗਿਆ ਕਿ ਜੇਕਰ ਸਾਡੇ ਸੀਵਰੇਜ ਬੋਰਡ ਦੇ ਅਧਿਕਾਰੀ ਖ਼ਜ਼ਾਨੇ ਵਿਚੋਂ ਤਨਖਾਹ ਲੈ ਸਕਦੇ ਹਨ ਤਾਂ ਸੀਵਰੇਜ ਦਾ ਗੰਦਾ ਕੰਮ ਕਰਨ ਵਾਲੇ ਕਿਉਂ ਨੀ ਖ਼ਜ਼ਾਨੇ ਵਿਚੋਂ ਤਨਖਾਹ ਲੈ ਸਕਦੇ, ਇਸ ਸਵਾਲ ਦਾ ਜਵਾਬ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਨਹੀਂ ਦਿੱਤਾ ਗਿਆ। ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਲਗਾਤਾਰ ਬਿਆਨ ਆ ਰਹੇ ਹਨ ਕਿ ਖ਼ਜ਼ਾਨੇ ਵਿੱਚ ਪੈਸਿਆਂ ਦੀ ਕੋਈ ਘਾਟ ਨਹੀਂ ਹੈ। ਦੂਜੇ ਪਾਸੇ ਵਿੱਚ ਮੰਤਰੀ ਮੰਡੀਆਂ ਦੀ ਗ਼ਰੀਬੀ ਦਾ ਜ਼ਿਕਰ ਕਰਕੇ ਲੋਕਾਂ ਦੇ ਮਸਲਿਆਂ ਤੋਂ ਪਾਸਾ ਵੱਟ ਰਹੇ ਹਨ। ਪੰਜਾਬ ਸਰਕਾਰ ਸੜਕਾਂ ਦੇ ਕਿਨਾਰੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਬੋਰਡ ਤਾਂ ਲਗਾ ਚੁੱਕੀ ਹੈ ਪਰ ਇਹਨਾਂ ਦੇ ਉਪਰੋਕਤ ਵਿਭਾਗ ਵਿੱਚ ਕੰਮ ਕਰਨ ਵਾਲੇ ਕਾਮੇ ਅਜੇ ਵੀ ਆਉਟਸੋਰਸ ਅਧਾਰ ਤੇ ਕੰਮ ਕਰ ਰਹੇ ਹਨ।
ਜੇਕਰ ਸਰਕਾਰ ਵੱਲੋਂ ਇਹਨਾਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ ਫੈਡਰੇਸ਼ਨ ਉਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਵੇਗੀ। ਇਸ ਮੌਕੇ ਮਹਿਮਾ ਸਿੰਘ ਧਨੌਲਾ, ਰਾਜੀਵ ਕੁਮਾਰ, ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ, ਸਹਾਇਕ ਸਕੱਤਰ ਮਿਲਖਾ ਸਿੰਘ,ਨਿਰਮਲ ਚੁਹਾਣਕੇ, ਗੁਰਦੀਪ ਸਿੰਘ ਛੰਨਾਂ, ਨਵਨੀਤ ਭੱਠਲ, ਸੁਖਦੀਪ ਤਪਾ,ਰਜਿੰਦਰ ਗੁਰੂ, ਰਮਨਦੀਪ ਸਿੰਗਲਾ ਤੇ ਮੁਨੀਸ਼ ਠੀਕਰੀਵਾਲ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਕਰਮਚਾਰੀਆਂ ਨੂੰ ਉਹਨਾਂ ਦੇ ਮਹਿਕਮੇ ਵਿੱਚ ਰੈਗੂਲਰ ਕੀਤਾ ਜਾਵੇ ਤਾਂ ਜੋ ਇਹ ਮੁਲਾਜ਼ਮ ਆਪਣਾ ਭਵਿੱਖ ਸੁਰੱਖਿਅਤ ਮਹਿਸੂਸ ਕਰਨ ।

Posted inਬਰਨਾਲਾ