ਬਰਨਾਲਾ/ਮਹਿਲ ਕਲਾਂ, 14 ਅਗਸਤ (ਰਵਿੰਦਰ ਸ਼ਰਮਾ) – ਥਾਣਾ ਮਹਿਲ ਕਲਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅਨਾਜ ਮੰਡੀ ਚੰਨਣਵਾਲ ਤੋਂ ਇਕ ਵਿਅਕਤੀ ਨੂੰ 100 ਖੁੱਲ੍ਹੇ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ (ਐੱਸ.ਐੱਚ.ਓ.) ਸ਼ੇਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੋਧੀ ਮੁਹਿੰਮ ਦੇ ਤਹਿਤ, ਸੀਨੀਅਰ ਪੁਲਸ ਅਧਿਕਾਰੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਪੁਲਸ ਅਧਿਕਾਰੀ (ਡੀ.ਐੱਸ.ਪੀ.) ਮਹਿਲ ਕਲਾਂ ਜਤਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ। ਪੁਲਸ ਨੂੰ ਪ੍ਰਾਪਤ ਸੂਚਨਾ ਅਨੁਸਾਰ, ਮੰਗੂ ਸਿੰਘ ਵਾਸੀ ਚੰਨਣਵਾਲ, ਜੋ ਕਿ ਅਨਾਜ ਮੰਡੀ ਚੰਨਣਵਾਲ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੀ ਫ਼ਿਰਾਕ ਵਿਚ ਸੀ। ਪੁਲਿਸ ਟੀਮ ਨੇ ਤੁਰੰਤ ਛਾਪੇਮਾਰੀ ਕਰਦਿਆਂ ਉਸ ਨੂੰ ਕਾਬੂ ਕਰਕੇ 100 ਖੁੱਲ੍ਹੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ। ਗ੍ਰਿਫ਼ਤਾਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਨੰਬਰ 63 ਤਹਿਤ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਕਾਨੂੰਨ (ਐੱਨ.ਡੀ.ਪੀ.ਐੱਸ.) ਦੀ ਧਾਰਾ 22 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted inਬਰਨਾਲਾ