ਮੋਹਾਲੀ, 16 ਅਗਸਤ (ਰਵਿੰਦਰ ਸ਼ਰਮਾ) : ਆਮ ਆਦਮੀ ਪਾਰਟੀ (AAP) ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਡਿਪਟੀ CM ਮਨੀਸ਼ ਸਿਸੋਦੀਆ ਦੇ ਇੱਕ ਵੀਡੀਓ ‘ਤੇ ਪੰਜਾਬ ਵਿੱਚ ਹੰਗਾਮਾ ਹੋ ਗਿਆ ਹੈ। ਲੰਘੀ 13 ਅਗਸਤ ਨੂੰ ਮੋਹਾਲੀ ਵਿੱਚ ਹੋਈ ਮਹਿਲਾ ਵਿੰਗ ਦੀ ਵਰਕਸ਼ਾਪ ਵਿੱਚ ਉਨ੍ਹਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਜਿੱਤਣ ਲਈ ਅਸੀਂ ਕੁਝ ਵੀ ਕਰਾਂਗੇ। ਇਹ ਵੀਡੀਓ AAP ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵੀ ਪਾਇਆ ਹੈ।
ਮਨੀਸ਼ ਸਿਸੋਦੀਆ ਵੀਡੀਓ ਵਿੱਚ ਕਹਿ ਰਹੇ ਹਨ ਕਿ:
“AAP ਦੇ ਸਾਰੇ ਕੰਮ ਲੈ ਕੇ ਮਹਿਲਾ ਟੀਮ ਘਰ-ਘਰ ਜਾਵੇਗੀ। ਮਹਿਲਾ ਵਿੰਗ ਦਾ ਅਸਲੀ ਟੀਚਾ ਹੈ, 2027 ਦੀਆਂ ਚੋਣਾਂ ਜਿਤਾਉਣਾ। 2027 ਦੀਆਂ ਚੋਣਾਂ ਜਿਤਾਉਣ ਲਈ ਸਾਮ, ਦਾਮ, ਦੰਡ, ਭੇਦ, ਸੱਚ-ਝੂਠ, ਕੁਐਸ਼ਚਨ-ਅਨਸਰ, ਲੜਾਈ-ਝਗੜਾ ਜੋ ਕਰਨਾ ਪਏ, ਕਰਾਂਗੇ। ਕੀ ਤੁਸੀਂ ਲੋਕ ਤਿਆਰ ਹੋ?”
ਪ੍ਰੋਗਰਾਮ ਵਿੱਚ ਪੰਜਾਬ ਦੇ CM ਭਗਵੰਤ ਮਾਨ ਅਤੇ AAP ਸੂਬਾ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ। ਸਿਸੋਦੀਆ ਦੇ ਇਸ ਬਿਆਨ ਤੋਂ ਬਾਅਦ ਭਗਵੰਤ ਮਾਨ ਨਾਲ ਬੈਠੇ ਅਮਨ ਅਰੋੜਾ ਵੱਲ ਦੇਖ ਕੇ ਹੱਸਦੇ ਨਜ਼ਰ ਆਏ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਨੇ AAP ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਵਿਰੋਧੀਆਂ ਨੇ ਸਾਧੇ ਨਿਸ਼ਾਨੇ :
SAD ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਹੁਣ ਸਾਹਮਣੇ ਆ ਚੁੱਕਾ ਹੈ। AAP ਹੁਣ ਸੱਤਾ ਦੇ ਲਾਲਚ ਵਿੱਚ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਝੂਠ, ਧੋਖਾ, ਫਰੇਬੀ ਵਾਅਦਿਆਂ ਅਤੇ ਗੰਦੀ ਰਾਜਨੀਤੀ ਤੋਂ ਲੈ ਕੇ ਦੰਗੇ ਅਤੇ ਹਿੰਸਾ ਤੱਕ ਉਨ੍ਹਾਂ ਦਾ ਇਰਾਦਾ ਸਾਫ਼ ਹੋ ਚੁੱਕਾ ਹੈ। ਇਹ ਗੱਲ ਉਨ੍ਹਾਂ ਦੇ ਹੀ ਚੋਟੀ ਦੇ ਆਗੂ ਸਿਸੋਦੀਆ ਨੇ ਖੁੱਲ੍ਹੇ ਤੌਰ ‘ਤੇ ਮੰਨ ਲਈ ਹੈ।
ਉਨ੍ਹਾਂ ਨੇ ਕਿਹਾ, “2014 ਵਿੱਚ AAP ਦੇ ਪੰਜਾਬ ਵਿੱਚ ਆਉਣ ਤੋਂ ਬਾਅਦ 2015 ਤੋਂ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੋਈ ਸੀ। 2016 ਦੇ ਮਾਲੇਰਕੋਟਲਾ ਬੇਅਦਬੀ ਮਾਮਲੇ ਵਿੱਚ ਉਨ੍ਹਾਂ ਦੇ ਹੀ ਇੱਕ ਵਿਧਾਇਕ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਉਨ੍ਹਾਂ ਘਟਨਾਵਾਂ ਦੇ ਪਿੱਛੇ ਕੌਣ ਸੀ। AAP ਨੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਕੇ ਭਾਈਚਾਰੇ ਨੂੰ ਤੋੜਨ ਅਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ।”
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ, “ਮਨੀਸ਼ ਸਿਸੋਦੀਆ ਇੱਕ ਗੱਲ ਸਮਝ ਲੈਣ ਕਿ ਇਹ ਪੰਜਾਬ ਹੈ, ਦਿੱਲੀ ਜਾਂ ਕੋਈ ਹੋਰ ਸੂਬਾ ਨਹੀਂ ਹੈ। ਪੰਜਾਬ ਨਾਲ ਜਿਸ ਨੇ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਪੰਜਾਬ ਦੇ ਲੋਕਾਂ ਨੇ ਰਗੜ ਕੇ ਰੱਖ ਦਿੱਤਾ ਹੈ।”
ਉਨ੍ਹਾਂ ਨੇ ਕਿਹਾ, “ਪੰਜਾਬ ਵਿੱਚ ਮੁਗਲ ਵੀ ਆਏ ਸਨ। ਉਨ੍ਹਾਂ ਨੂੰ ਵੀ ਇੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇੱਥੇ ਹੱਥ ਜੋੜ ਕੇ ਤੁਸੀਂ ਕੁਝ ਵੀ ਕਰਵਾ ਸਕਦੇ ਹੋ। ਜਿਵੇਂ ਪਿਛਲੀ ਵਾਰ ਲੋਕਾਂ ਨੂੰ ਬੇਵਕੂਫ ਬਣਾ ਲਿਆ, ਪਰ ਜਿਸ ਨੇ ਇੱਥੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਪੰਜਾਬੀਆਂ ਨੇ ਛੱਡਿਆ ਨਹੀਂ। ਸਿਸੋਦੀਆ ਨੇ ਕਿਸ ਖੁਸ਼ੀ ਵਿੱਚ ਆਪਣੇ ਇਹ ਭਾਵ ਪ੍ਰਗਟ ਕੀਤੇ ਹਨ, ਇਹ ਉਨ੍ਹਾਂ ਨੂੰ ਹੀ ਪਤਾ ਹੋਵੇਗਾ।”
ਜਲੰਧਰ ਕੈਂਟ ਦੇ ਕਾਂਗਰਸੀ ਵਿਧਾਇਕ ਸਰਦਾਰ ਪਰਗਟ ਸਿੰਘ ਨੇ ਕਿਹਾ, “AAP ਦੀ ਲੀਡਰਸ਼ਿਪ ਨੇ ਖੁਦ ਮੰਨ ਲਿਆ ਹੈ ਕਿ ਉਹ 2027 ਦੀਆਂ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਵੇਗੀ। AAP ਲਈ ਝੂਠ, ਫਰੇਬ ਅਤੇ ਗੁੰਡਾਗਰਦੀ ਆਮ ਗੱਲ ਹੈ। AAP ਹੁਣ ਗੁੰਡਿਆਂ ਅਤੇ ਸੱਤਾਲੋਭੀ ਆਗੂਆਂ ਦੀ ਬ੍ਰਿਗੇਡ ਬਣ ਚੁੱਕੀ ਹੈ। ਇਹ ਪੰਜਾਬ ਅਤੇ ਲੋਕਤੰਤਰ ਲਈ ਸ਼ਰਮਨਾਕ ਹੈ।”
ਉਨ੍ਹਾਂ ਨੇ ਕਿਹਾ, “ਪੰਜਾਬ ਵਰਗੇ ਸੰਵੇਦਨਸ਼ੀਲ ਸੂਬੇ ਵਿੱਚ ਇਸ ਤਰ੍ਹਾਂ ਦੇ ਬਿਆਨ ਬੇਹੱਦ ਖ਼ਤਰਨਾਕ ਹਨ। ਜੋ ਪਾਰਟੀ ਖੁੱਲ੍ਹੇਆਮ ਕਹਿ ਰਹੀ ਹੈ ਕਿ ਚੋਣਾਂ ਜਿੱਤਣ ਲਈ ਕਿਸੇ ਵੀ ਹੱਥਕੰਡੇ ਦੀ ਵਰਤੋਂ ਕਰੇਗੀ, ਉਸ ‘ਤੇ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ? ਇਹ ਸਿੱਧੇ ਤੌਰ ‘ਤੇ ਲੋਕਤੰਤਰੀ ਕਦਰਾਂ-ਕੀਮਤਾਂ ‘ਤੇ ਹਮਲਾ ਹੈ।”

Posted inਮੋਹਾਲੀ