ਬਰਨਾਲਾ, 18 ਅਗਸਤ (ਰਵਿੰਦਰ ਸ਼ਰਮਾ) : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਰਨਾਲਾ ਪੁਲਿਸ ਵੱਲੋਂ ਸੋਮਵਾਰ ਸਵੇਰੇ ਸਪੈਸ਼ਲ ਘੇਰਾਬੰਦੀ ਅਤੇ ਤਲਾਸੀ ਅਭਿਆਨ ਦੌਰਾਨ ਵੱਡੇ ਪੱਧਰ ’ਤੇ ਨਸ਼ੇ ਲਈ ਬਦਨਾਮ ਜਾਣੇ ਜਾਂਦੇ ਬਰਨਾਲਾ ਤੇ ਤਪਾ ਦੇ ਇਲਾਕਿਆਂ ’ਚ ਚੈਕਿੰਗ ਕੀਤੀ ਗਈ, ਜਿਸ ਦੌਰਾਨ ਪੁਲਿਸ ਨੇ ਨਸ਼ੀਲੇ ਪਦਾਰਥ ਬਰਾਮਦ ਕਰਦਿਆਂ 6 ਮਾਮਲੇ ਦਰਜ ਕਰ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਾਰਾਜ਼ ਆਲਮ, ਆਈ.ਪੀ.ਐਸ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਬਰਨਾਲਾ ਪੁਲਿਸ ਵੱਲੋਂ ਸੈਂਸੀ ਬਸਤੀ ਬੈਕ ਸਾਇਡ ਬੱਸ ਸਟੈਂਡ ਬਰਨਾਲਾ ਅਤੇ ਸਬ- ਡਵੀਜਨ ਤਪਾ ਅਧੀਨ ਪੈਂਦੇ ਡਰੱਗ ਹਾਟਸਪਾਟ ਅੰਦਰ ਸਪੈਸ਼ਲ ਘੇਰਾਬੰਦੀ ਅਤੇ ਤਲਾਸੀ ਅਭਿਆਨ (ਕਾਸੋ) ਚਲਾਏ ਗਏ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਸ਼ੋਕ ਕੁਮਾਰ ਪੀ.ਪੀ.ਐਸ. ਕਪਤਾਨ ਪੁਲਿਸ (ਇੰਨ.) ਬਰਨਾਲਾ ਅਤੇ ਰਾਜੇਸ ਕੁਮਾਰ ਪੀ.ਪੀ.ਐਸ. ਕਪਤਾਨ ਪੁਲਿਸ (ਸਥਾਨਕ) ਬਰਨਾਲਾ ਦੀ ਸੁਪਰਵੀਜਨ ਹੇਠ 7 ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਸਮੇਤ ਸੀ.ਆਈ.ਏ. ਸਟਾਫ ਬਰਨਾਲਾ ਅਤੇ ਵੱਖ ਵੱਖ ਥਾਣਿਆਂ ਦੀਆਂ ਟੀਮਾਂ ਬਣਾਈਆਂ ਗਈਆਂ, ਜਿਸ ਵਿੱਚ ਕਰੀਬ 250 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਇਸ ਤਲਾਸੀ ਅਭਿਆਨ ਦੌਰਾਨ ਨਸ਼ਿਆਂ ਦਾ ਧੰਦਾ ਕਰਨ ਦੇ ਸ਼ੱਕੀ ਵਿਅਕਤੀਆਂ ਦੇ ਰਿਹਾਇਸ਼ੀ ਠਿਕਾਣਿਆਂ ’ਤੇ ਪੁਲਿਸ ਪਾਰਟੀਆਂ ਵੱਲੋਂ ਰੇਡਾਂ ਕੀਤੀ ਗਈਆਂ। ਜਿਸ ਦੌਰਾਨ 6 ਮਾਮਲੇ ਦਰਜ ਕਰ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਪਾਸੋਂ 810 ਪਾਬੰਦੀਸ਼ੁਦਾ ਗੋਲੀਆਂ, 2550 ਪਾਬੰਦੀਸ਼ੁਦਾ ਕੈਪਸੂਲ, 15 ਗ੍ਰਾਮ ਹੈਰੋਇਨ, 10 ਕਿਲੋ ਭੁੱਕੀ ਅਤੇ 24 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ।
ਐੱਸ.ਐੱਸ.ਪੀ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲ੍ਹਾ ਬਰਨਾਲਾ ਅੰਦਰ ਪਿੰਡ ਪੱਧਰ ’ਤੇ ਬਣਾਈਆਂ ਗਈਆਂ “Village Defence Committee” ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। “ਸੇਫ ਪੰਜਾਬ” ਤਹਿਤ ਬਰਨਾਲਾ ਪੁਲਿਸ ਵੱਲੋਂ ਜਾਰੀ ਡਰੱਗ ਹੈਲਪਲਾਇਨ ਨੰਬਰ 97791-00200 ਕੋਈ ਵੀ ਵਿਅਕਤੀ ਬਿਨ੍ਹਾ ਕਿਸੇ ਡਰ ਦੇ ਨਸ਼ੇ ਦੀ ਵਿਕਰੀ ਸਬੰਧੀ ਕੋਈ ਵੀ ਜਾਣਕਾਰੀ ਦੇ ਸਕਦਾ ਹੈ। ਨਸ਼ੇ ਸਬੰਧੀ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਬਿਲਕੁੱਲ ਗੁਪਤ ਰੱਖੀ ਜਾਂਦੀ ਹੈ।