ਭਾਜਪਾ ਦੀ ਚੜ੍ਹਤ ਅਤੇ 2027 ਵਿੱਚ ਹੋਣ ਵਾਲੀ ਹਾਰ ਤੋਂ ਬੌਖਲਾਈ ‘ਆਪ’ ਸਰਕਾਰ : ਕੇਵਲ ਸਿੰਘ ਢਿੱਲੋਂ
ਬਰਨਾਲਾ, 22 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਵਿਖੇ ਭਾਜਪਾ ਵਲੋਂ ਆਮ ਆਦਮੀ ਪਾਰਟੀ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੇ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪ ਰੋਕਣ ਅਤੇ ਭਾਜਪਾ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਦੇ ਕਚਹਿਰੀ ਚੌਂਕ ਵਿੱਚ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਉਪਰ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਂਦਿਆਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਾਜਪਾ ਵਿਰੁੱਧ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜੋ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਸ ਲਈ ਭਾਜਪਾ ਵਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਜਿਸ ਉਪਰ ਪੰਜਾਬ ਦੀ ਆਪ ਸਰਕਾਰ ਇਤਰਾਜ਼ ਲਗਾ ਰਹੀ ਹੈ ਅਤੇ ਲੋਕਾਂ ਨੂੰ ਘਰ-ਘਰ ਜਾ ਕੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡਾਟਾ ਚੋਰੀ ਦਾ ਭਾਜਪਾ ਉਪਰ ਦੋਸ਼ ਲਗਾ ਰਹੀ ਹੈੇ। ਆਪ ਪਾਰਟੀ ਲਈ ਉਦੋਂ ਡਾਟਾ ਚੋਰੀ ਨਹੀਂ ਜਦੋਂ ਆਪ ਪਾਰਟੀ ਨੇ 50 ਲੱਖ ਔਰਤਾਂ ਤੋਂ 1 ਹਜ਼ਾਰ ਰੁਪਏ ਦੇਣ ਦਾ ਲਾਰਾ ਲਗਾ ਕੇ ਫ਼ਾਰਮ ਭਰਵਾਏ ਸਨ। ਉਹਨਾਂ ਕਿਹਾ ਕਿ ਗਰੀਬਾਂ ਦੇ ਘਰ ਬਣਾਉਣ, ਬਜ਼ੁਰਗ ਦੀ ਪੈਨਸ਼ਨ ਲੱਗਦੀ ਹੈ, ਕਿਸਾਨਾਂ ਨੂੰ ਨਿਧੀ ਸਕੀਮ ਮਿਲਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਤਕਲੀਫ਼ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਨਹੀਂ ਹੈ, ਬਲਕਿ ਦਿੱਲੀ ਤੋਂ ਆਏ ਆਪ ਦੇ ਲੀਡਰ ਪੰਜਾਬ ਨੂੰ ਲੁੱਟਣ ਆਏ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਵਰਕਰਾਂ ਨੂੰ ਕੈਂਪ ਲਗਾਉਣ ਤੋਂ ਰੋਕਣਾ ਆਮ ਆਦਮੀ ਪਾਰਟੀ ਦੀ ਬੌਖਲਾਹਟ ਦਾ ਨਤੀਜਾ ਹੈ। ਆਪ ਪਾਰਟੀ 2027 ਵਿੱਚ ਹਾਰ ਦੇ ਡਰ ਤੋਂ ਇਹ ਘਟੀਆ ਰਾਜਨੀਤੀ ਤੇ ਉਤਰੀ ਹੋਈ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੀ ਇਸ ਧੱਕੇਸ਼ਾਹੀ ਤੋਂ ਡਰਨ ਵਾਲੀ ਨਹੀਂ ਹੈ, ਉਹ ਲਗਾਤਾਰ ਆਪਣੇ ਇਹ ਕੈਂਪ ਕੇਂਦਰ ਸਰਕਾਰ ਦੀ ਸੀਐਸਸੀ ਸਕੀਮ ਤਹਿਤ ਲਗਾਉਂਦੇ ਰਹਿਣਗੇ। ਭਾਜਪਾ ਪੰਜਾਬ ਦੇ ਹਰ ਲੋੜਵੰਦ ਅਤੇ ਲੋਕਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਕੇਂਦਰ ਦੀਆਂ ਸਕੀਮਾਂ ਦਾ ਲਾਭ ਦਿੰਦੀ ਰਹੇਗੀ। ਕੇਵਲ ਢਿੱਲੋਂ ਨੇ ਕਿਹਾ ਕਿ ਆਪ ਸਰਕਾਰ ਹਰ ਖੇਤਰ ਵਿੱਚ ਫ਼ੇਲ੍ਹ ਹੋ ਚੁੱਕੀ ਹੈ। ਲੋਕਾਂ ਦੀਆਂ ਪੈਨਸ਼ਨਾਂ ਨਹੀਂ ਲੱਗ ਰਹੀਆਂ। ਜਿਸ ਕਰਕੇ ਲੋਕ ਸਰਕਾਰ ਤੋਂ ਦੁਖੀ ਹਨ। ਭਾਜਪਾ ਦੇ ਵਰਕਰ ਲੋਕਾਂ ਨੂੰ ਘਰਾਂ ਦੇ ਦਰ ਤੇ ਜਾ ਕੇ ਇਹ ਸਕੀਮਾਂ ਦਾ ਲਾਭ ਦੇ ਰਹੇ ਹਨ। ਲੋਕ ਵੱਡੇ ਪੱਧਰ ਦੇ ਭਾਜਪਾ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਮਨੀਸ਼ ਸਿਸੋਧੀਆ ਨੇ ਜੋ ਸ਼ਾਮ, ਦਾਮ ਦੰਡ ਭੇਦ ਬਾਰੇ ਕਿਹਾ ਹੈ ਕਿ ਉਸ ਨੀਤੀ ਉਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਭਾਜਪਾ ਨੇ ਡੱਟ ਕੇ ਵਿਰੋਧ ਕੀਤਾ ਅਤੇ ਇਹਨਾਂ ਦੀ ਸਕੀਮ ਵਾਪਸ ਕਰਵਾਈ। ਇਸ ਮੌਕੇ ਉਹਨਾਂ ਨਾਲ ਜਿਲ੍ਹਾ ਭਾਜਪਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ, ਬਰਨਾਲਾ ਦਿਹਾਤੀ ਦੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਮੋਨੂੰ, ਕੁਲਦੀਪ ਸਿੰਘ ਧਾਲੀਵਾਲ, ਧਰਮ ਸਿੰਘ ਫ਼ੌਜੀ, ਰਜਿੰਦਰ ਉਪਲ, ਜੀਵਨ ਕੁਮਾਰ ਚੇਅਰਮੈਨ, ਨਰਿੰਦਰ ਨੀਟਾ, ਜੱਗਾ ਸਿੰਘ ਮਾਨ, ਪ੍ਰੇਮ ਪ੍ਰੀਤਮ ਜਿੰਦਲ, ਬੀਬੀ ਪਰਮਜੀਤ ਕੌਰ ਚੀਮਾ, ਹਰਬਖਸ਼ੀਸ ਸਿੰਘ ਗੋਨੀ ਐਮਸੀ, ਮੰਗਲ ਦੇਵ ਸ਼ਰਮਾ, ਐਡਵੋਕੇਟ ਵਿਸ਼ਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

Posted inਬਰਨਾਲਾ