ਤਪਾ ਮੰਡੀ\ਬਰਨਾਲਾ, 3 ਸਤੰਬਰ (ਰਵਿੰਦਰ ਸ਼ਰਮਾ) : ਬੁੱਧਵਾਰ ਨੂੰ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਦੀ ਬਾਜੀਗਰ ਬਸਤੀ ਦੇ ਲੋਕਾਂ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰੋਹ ’ਚ ਆਉਂਦਿਆਂ ਸਥਾਨਕ ਨਾਮਦੇਵ ਮਾਰਗ ’ਤੇ ਧਰਨਾ ਲਗਾਕੇ ਜੰਮਕੇ ਰੋਸ ਪ੍ਰਦਰਸ਼ਨ ਕੀਤਾ। ਧਰਨਕਾਰਿਆਂ ਕੁਲਦੀਪ ਕੌਰ, ਮਨਜੀਤ ਕੌਰ, ਮੱਖਣ ਕੌਰ, ਹੰਸੋ ਦੇਵੀ, ਰਾਣੀ ਦੇਵੀ, ਰਾਜਵਿੰਦਰ ਸਿੰਘ, ਕਿਰਨਾ ਦੇਵੀ, ਵੀਰਾ ਸਿੰਘ, ਸੱਤਪਾਲ, ਗੁਰਜੰਟ ਸਿੰਘ, ਮਹਿੰਦਰੋ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਜ਼ੀਗਰ ਬਸਤੀ ’ਚ ਪਾਣੀ ਦੀ ਨਿਕਾਸੀ ਬਿਲਕੁਲ ਹੀ ਠੱਪ ਹੋ ਕੇ ਰਹਿ ਗਈ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਹਨ ਅਤੇ ਗਰੀਬ ਲੋਕਾਂ ਦਾ ਰਹਿਣ ਮੁਹਾਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਦੇ ਅਧਿਕਾਰੀ ਪੈਸੇ ਲੈ ਕੇ ਨਜਾਇਜ਼ ਕਬਜ਼ੇ ਕਰਵਾ ਰਹੇ ਹਨ। ਇੱਥੇ ਪਰਿਵਾਰ ਵਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਸਲ ਤਪਾ ਵੱਲੋਂ ਇਥੋਂ ਉਸਾਰੀ ਨਾ ਕਰਨ ਦਾ ਨੋਟਿਸ ਵੀ ਲਗਾ ਦਿੱਤਾ ਸੀ ਅਤੇ ਐਸ.ਡੀ.ਐਮ, ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਕਬਜ਼ਾਧਾਰਕਾਂ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਨਜਾਇਜ ਉਸਾਰੀ ਕਰਕੇ ਪਾਣੀ ਰੋਕ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਹ ਨਜਾਇਜ਼ ਉਸਾਰੀ ਹਟਾਕੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਸੰਬੰਧੀ ਜਦ ਕਾਰਜਸਾਧਕ ਅਫਸਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਹੀ 195 ਦੇ ਤਹਿਤ ਨਜਾਇਜ ਉਸਾਰੀ ਨੋਟਿਸ ਜਾਰੀ ਕੀਤਾ ਹੋਇਆ ਹੈ, ਜੇਕਰ ਫਿਰ ਵੀ ਇਹ ਨਜਾਇਜ ਉਸਾਰੀ ਨਹੀਂ ਛੱਡਣਗੇ ਤਾਂ ਇਹ ਮਾਮਲਾ ਮਾਨਯੋਗ ਅਦਾਲਤ ’ਚ ਚਲਾ ਜਾਵੇਗਾ।

ਇਸ ਮੌਕੇ ਚੌਂਕੀ ਇੰਚਾਰਜ਼ ਬਲਜੀਤ ਸਿੰਘ ਢਿਲੋਂ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮ ਧਰਨਾਕਾਰੀਆਂ ਨੂੰ ਸਮਝਾਉਣ ’ਚ ਲੱਗੇ ਹੋਏ ਸਨ, ਪਰ ਧਰਨਾਕਾਰੀ ਆਪਣੀ ਮੰਗ ’ਤੇ ਅੜੇ ਹੋਏ ਸੀ। ਧਰਨਾਕਾਰੀਆਂ ਨੇ ਨਗਰ ਕੌਂਸਲ ਦੇ ਪ੍ਰਧਾਨ, ਕਾਰਜ ਸਾਧਕ ਅਫਸਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਨਗਰ ਕੌਂਸਲ ਦੇ ਇੰਸਪੈਕਟਰ ਸਤਪਾਲ ਅਤੇ ਸਿਟੀ ਇੰਚਾਰਜ਼ ਬਲਜੀਤ ਸਿੰਘ ਢਿੱਲੋਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਲਦੀ ਹੀ ਉਹ ਇਸ ਸਬੰਧੀ ਕਾਰਵਾਈ ਕਰਨਗੇ ਅਤੇ ਇਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰਨ ਦੀ ਸਹਿਮਤੀ ਜਤਾਈ।
ਦੂਜੇ ਪਾਸੇ ਕਬਜਾਧਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਇਹ ਜਗ੍ਹਾਂ ਲੱਖਾਂ ਰੁਪਏ ਦੀ ਮੁੱਲ ਲੈਕੇ ਉਸਾਰੀ ਕੀਤੀ ਹੈ, ਕੋਈ ਨਜਾਇਜ ਨਹੀਂ ਕੀਤੀ ਗਈ।

