ਬਠਿੰਡਾ ਏਮਜ਼ ਵਿੱਚ 60 ਕਰੋੜ ਦੀ ਲਾਗਤ ਨਾਲ ਅਤਿ-ਆਧੁਨਿਕ ਕੈਂਸਰ ਜਾਂਚ ਅਤੇ ਇਲਾਜ ਮਸ਼ੀਨਾਂ ਆਈਆਂ, ਅਗਲੇ ਮਹੀਨੇ ਤੋਂ ਮਰੀਜ਼ਾਂ ਨੂੰ ਮਿਲੇਗਾ ਲਾਭ
ਬਠਿੰਡਾ, 26 ਜਨਵਰੀ (ਰਵਿੰਦਰ ਸ਼ਰਮਾ) : ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ ਕਿ ਫਰਵਰੀ ਮਹੀਨੇ ਤੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਵਿੱਚ ਅਤਿ-ਆਧੁਨਿਕ ਰੇਡੀਓਥੈਰੇਪੀ ਅਤੇ ਕੈਂਸਰ ਜਾਂਚ ਦੀਆਂ ਸਹੂਲਤਾਂ ਸ਼ੁਰੂ ਹੋਣ ਜਾ ਰਹੀਆਂ ਹਨ। ਏਮਜ਼ ਨੂੰ ਕੈਂਸਰ ਦੀ ਜਾਂਚ ਅਤੇ ਇਲਾਜ ਲਈ 2 ਹਾਈ-ਐਂਡ ਮਸ਼ੀਨਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ‘ਹਾਈ ਐਨਰਜੀ ਲੀਨੀਅਰ ਐਕਸਲੇਰੇਟਰ ਵਿਦ 3ਡੀ ਇਮੇਜਿੰਗ’ ਅਤੇ ‘ਪੋਜ਼ੀਟ੍ਰੋਨ ਐਮੀਸ਼ਨ ਟੋਮੋਗ੍ਰਾਫੀ ਸਕੈਨ’ ਮਸ਼ੀਨ ਸ਼ਾਮਲ ਹਨ। ਇਹਨਾਂ ਦੋਵਾਂ ਹਾਈ-ਟੈਕ ਮਸ਼ੀਨਾਂ ਦੀ ਲਾਗਤ ਲਗਭਗ 60 ਕਰੋੜ ਰੁਪਏ ਹੈ, ਜੋ ਕਿ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਵੱਲੋਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਦੇ ਤਹਿਤ ਮੁਹੱਈਆ ਕਰਵਾਈਆਂ ਗਈਆਂ ਹਨ। ਹੁਣ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਲਈ ਦਿੱਲੀ ਜਾਂ ਚੰਡੀਗੜ੍ਹ ਨਹੀਂ ਜਾਣਾ ਪਵੇਗਾ।
ਏਮਜ਼ ਬਠਿੰਡਾ ਦੇ ਐਮ.ਐਸ. ਡਾ. ਰਾਜੀਵ ਕੁਮਾਰ ਗੁਪਤਾ ਨੇ ਦੱਸਿਆ ਕਿ ‘ਹਾਈ ਐਨਰਜੀ ਲੀਨੀਅਰ ਐਕਸਲੇਰੇਟਰ’ ਇੱਕ ਅਤਿ-ਆਧੁਨਿਕ ਰੇਡੀਓਥੈਰੇਪੀ ਮਸ਼ੀਨ ਹੈ, ਜੋ ਇਲੈਕਟ੍ਰੋਨ ਨੂੰ ਲਗਭਗ ਪ੍ਰਕਾਸ਼ ਦੀ ਗਤੀ ਤੱਕ ਪਹੁੰਚਾ ਕੇ ਉੱਚ ਊਰਜਾ ਵਾਲੀਆਂ ਐਕਸ-ਰੇ ਜਾਂ ਇਲੈਕਟ੍ਰੋਨ ਬੀਮ ਤਿਆਰ ਕਰਦੀ ਹੈ। ਇਸ ਨਾਲ ਕੈਂਸਰ ਕੋਸ਼ਿਕਾਵਾਂ ਨੂੰ ਬੇਹੱਦ ਸਹੀ ਤਰੀਕੇ ਨਾਲ ਨਸ਼ਟ ਕੀਤਾ ਜਾ ਸਕਦਾ ਹੈ ਅਤੇ ਆਲੇ-ਦੁਆਲੇ ਦੇ ਸਿਹਤਮੰਦ ਟਿਸ਼ੂਆਂ ਨੂੰ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਪੇਟ ਸਕੈਨ) ਇੱਕ ਨਾਨ-ਇਨਵੇਸਿਵ ਨਿਊਕਲੀਅਰ ਇਮੇਜਿੰਗ ਤਕਨੀਕ ਹੈ, ਜਿਸ ਦੀ ਵਰਤੋਂ ਕੈਂਸਰ ਦੀ ਪਛਾਣ ਕਰਨ, ਉਸ ਦੀ ਸਟੇਜ ਤੈਅ ਕਰਨ ਅਤੇ ਇਲਾਜ ਦੌਰਾਨ ਨਿਗਰਾਨੀ ਰੱਖਣ ਲਈ ਕੀਤੀ ਜਾਂਦੀ ਹੈ। ਇਹ ਦੋਵੇਂ ਅਤਿ-ਆਧੁਨਿਕ ਸਹੂਲਤਾਂ ਅਗਲੇ ਮਹੀਨੇ ਤੋਂ ਮਰੀਜ਼ਾਂ ਲਈ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਉਮੀਦ ਹੈ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਇਹਨਾਂ ਮਸ਼ੀਨਾਂ ਦਾ ਉਦਘਾਟਨ ਕਰਨਗੇ। ਉਹਨਾਂ ਕਿਹਾ ਕਿ ਇਹਨਾਂ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਏਮਜ਼ ਬਠਿੰਡਾ ਦੀਆਂ ਸਿਹਤ ਸੇਵਾਵਾਂ ਦੀ ਸਮਰੱਥਾ ਵਿੱਚ ਸ਼ਲਾਘਾਯੋਗ ਵਾਧਾ ਹੋਵੇਗਾ। ਰੇਡੀਏਸ਼ਨ ਓਨਕੋਲੋਜੀ ਵਿਭਾਗ ਦੇ ਮੁਖੀ ਡਾ. ਅਨਿਲ ਕੁਮਾਰ ਗੋਇਲ ਨੇ ਦੱਸਿਆ ਕਿ ਨਿੱਜੀ ਹਸਪਤਾਲਾਂ ਵਿੱਚ 3ਡੀ ਇਮੇਜਿੰਗ ਨਾਲ ਇਲਾਜ ਦੀ ਲਾਗਤ 4 ਲੱਖ ਰੁਪਏ ਤੱਕ ਹੁੰਦੀ ਹੈ, ਜਦੋਂ ਕਿ ਏਮਜ਼ ਬਠਿੰਡਾ ਵਿੱਚ ਇਹ ਸਹੂਲਤ ਬਹੁਤ ਹੀ ਘੱਟ ਕੀਮਤ ‘ਤੇ ਉਪਲਬਧ ਕਰਵਾਈ ਜਾਵੇਗੀ। ਇਸ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਮਰੀਜ਼ਾਂ ਨੂੰ ਵੀ ਅਤਿ-ਆਧੁਨਿਕ ਕੈਂਸਰ ਇਲਾਜ ਦਾ ਲਾਭ ਮਿਲ ਸਕੇਗਾ। ਇਹਨਾਂ ਮਸ਼ੀਨਾਂ ਦੇ ਸ਼ੁਰੂ ਹੋਣ ਨਾਲ ਨਾ ਸਿਰਫ਼ ਬਠਿੰਡਾ, ਸਗੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੈਂਸਰ ਮਰੀਜ਼ਾਂ ਨੂੰ ਵੀ ਸਸਤਾ ਅਤੇ ਵਧੀਆ ਇਲਾਜ ਮਿਲ ਸਕੇਗਾ।

