
ਬਰਨਾਲਾ, 26 ਸਤੰਬਰ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਲਈ ਕਰੋੜਾਂ ਰੁਪਏ ਦੇ ਨਹਿਰੀ ਪ੍ਰੋਜੈਕਟ ਲਿਆਂਦੇ ਗਏ ਹਨ, ਜਿਨ੍ਹਾਂ ਸਦਕਾ ਦਹਾਕਿਆਂ ਬਾਅਦ ਖੇਤਾਂ ਨੂੰ ਨਹਿਰੀ ਪਾਣੀ ਨਸੀਬ ਹੋਇਆ ਹੈ।
ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਖੁੱਡੀ ਕਲਾਂ ਵਿੱਚ 2.01 ਕਰੋੜ ਰੁਪਏ ਦੀ ਲਾਗਤ ਨਾਲ ਮੋਘੇ ਤੋਂ ਟੇਲ ਤੱਕ ਖਾਲੇ ਦੀ ਉਸਾਰੀ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਉਂਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 6700 ਮੀਟਰ (6.7 ਕਿਲੋਮੀਟਰ) ਲੰਬਾਈ ਵਾਲਾ ਖਾਲ ਉਸਾਰਿਆ ਜਾਵੇਗਾ, ਜਿਸ ਨਾਲ ਤਕਰੀਬਨ 650 ਏਕੜ ਰਕਬੇ ਨੂੰ 50 ਸਾਲਾਂ ਬਾਅਦ ਪਹਿਲੀ ਵਾਰ ਨਹਿਰੀ ਪਾਣੀ ਨਸੀਬ ਹੋਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਕਰੋੜਾਂ ਦੇ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 300 ਕਰੋੜ ਰੁਪਏ ਦੇ ਕੰਮ ਸਿਰਫ਼ ਜਲ ਸਰੋਤ ਵਿਭਾਗ ਦੇ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਮੋਘੇ, ਖਾਲਾਂ, ਅੰਡਰਗਰਾਊਂਡ ਪਾਈਪਲਾਈਨ ਦਾ ਕੰਮ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰੀਗੜ੍ਹ ਨਹਿਰ ਲੰਘਣ ਦੇ ਬਾਵਜੂਦ ਹਰੀਗੜ੍ਹ ਨੂੰ ਨਹਿਰੀ ਪਾਣੀ ਨਸੀਬ ਨਹੀਂ ਹੋ ਰਿਹਾ ਸੀ ਅਤੇ ਉਨ੍ਹਾਂ ਵੱਲੋਂ ਹਰੀਗੜ੍ਹ, ਭੂਰੇ, ਬਡਬਰ ਸਣੇ ਵੱਖ-ਵੱਖ ਪਿੰਡਾਂ ਵਿੱਚ ਮੋਘੇ ਕਢਵਾਏ ਗਏ ਅਤੇ ਕਈ ਪਿੰਡਾਂ ਵਿੱਚ ਦਹਾਕਿਆਂ ਮਗਰੋਂ ਨਹਿਰੀ ਪਾਣੀ ਪਹੁੰਚਿਆ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਵੱਲੋਂ ਨਹਿਰੀ ਕੰਮਾਂ ਤੇ ਇੰਨੇ ਫੰਡ ਨਹੀਂ ਖਰਚੇ ਗਏ, ਜਿੰਨੇ ਮਾਨ ਸਰਕਾਰ ਵੱਲੋਂ ਨਹਿਰੀ ਪ੍ਰੋਜੈਕਟਾਂ ਉੱਤੇ ਇਲਾਕੇ ਵਿੱਚ ਖਰਚੇ ਗਏ ਹਨ।
ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਮਿਆਰੀ ਅਤੇ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਐਕਸੀਅਨ ਜਲ ਸਰੋਤ ਵਿਭਾਗ ਹਰਸ਼ਾਂਤ ਵਰਮਾ ਅਤੇ ਪਿੰਡ ਵਾਸੀ ਹਾਜ਼ਰ ਸਨ।

