Posted inਬਰਨਾਲਾ ਬਰਨਾਲਾ ’ਚ ਕਾਰ ਦੀ ਏਜੰਸੀ ਦੇਣ ਦੀ ਆੜ ’ਚ 58 ਲੱਖ 15 ਹਜ਼ਾਰ ਰੁਪਏ ਦੀ ਠੱਗੀ Posted by overwhelmpharma@yahoo.co.in Mar 9, 2025 ਬਰਨਾਲਾ, 9 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਵਲੋਂ ਇਕ ਕਾਰ ਕੰਪਨੀ ਦੇ ਨਾਂਅ ’ਤੇ ਸ਼ਹਿਰ ਦੀ ਨਾਮੀ ਫ਼ਰਮ ਨਾਲ 58 ਲੱਖ 15 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਸਬੰਧ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਾਈਬਰ ਕ੍ਰਾਈਮ ਦੇ ਇੰਚਾਰਜ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਸੰਜੀਵ ਬਾਂਸਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਦਿੱਤੀ ਕਿ ਉਹ ਬਾਂਸਲ ਆਟੋ ਮੋਬਾਈਲ ਹੰਡਿਆਇਆ ਰੋਡ ਬਰਨਾਲਾ ’ਚ ਬਤੌਰ ਮਨੈਜਿੰਗ ਪਾਰਟਨਰ ਵਜੋਂ ਕੰਮ ਕਰਦਾ ਹੈ। ਜਿਸ ਨੇ ਇਕ ਕਾਰ ਕੰਪਨੀ ਦੀ ਏਜੰਸੀ ਲੈਣ ਲਈ ਆਨਲਾਈਨ ਅਪਲਾਈ ਕੀਤਾ ਸੀ। ਜਿਸ ਨੂੰ ਮੇਲ ਆਈ ਕਿ ਤੁਸੀਂ ਏਜੰਸੀ ਲੈਣ ਲਈ ਆਪਣੇ ਡਾਕੂਮੈਂਟ ਅਤੇ ਰਜਿਸਟ੍ਰੇਸ਼ਨ ਫਾਰਮ ਭਰ ਕੇ ਭੇਜੋ ਅਤੇ ਸੰਜੀਵ ਬਾਂਸਲ ਨੇ ਈਮੇਲ ਰਾਹੀਂ ਰਜਿਸਟਰੇਸ਼ਨ ਫਾਰਮ ਅਤੇ ਡਾਕੂਮੈਂਟ ਭਰ ਕੇ ਭੇਜ ਦਿੱਤੇ। ਜੋ ਮੋਬਾਇਲ ਉਪਰ ਗੱਲ ਕਰਦੇ ਸਨ। ਉਸ ਤੋਂ ਬਾਅਦ ਮੁੱਦਈ ਨੇ ਸਕਿਉਰਿਟੀ ਲਈ 2 ਲੱਖ 50 ਹਜ਼ਾਰ ਰੁਪਏ ਆਰ.ਟੀ.ਜੀ.ਐਸ. ਰਾਹੀਂ ਟਰਾਂਸਫ਼ਰ ਕਰ ਦਿੱਤੇ। ਫਿਰ ਲਾਇਸੰਸ ਫੀਸ ਲਈ 17 ਲੱਖ 70 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਜੋ ਕਿ ਮੁੱਦਈ ਨੇ ਇਹ ਰਕਮ ਵੀ ਆਰ.ਟੀ.ਜੀ.ਐਸ. ਰਾਹੀਂ ਟਰਾਂਸਫ਼ਰ ਕਰ ਦਿੱਤੀ। ਫਿਰ ‘ਕੰਟਰੈਕਟ ਆਫ਼ ਗਾਰੰਟੀ ਫਾਰ ਬਰਾਂਡ ਸਕਿਉਰਿਟੀ’ ਦੇ ਨਾਮ ’ਤੇ 20 ਲੱਖ ਰੁਪਏ ਵੀ ਟਰਾਂਸਫ਼ਰ ਕਰ ਦਿੱਤੇ। ਫਿਰ ਐਨ.ਓ.ਸੀ. ਐਪਲੀਕੇਸ਼ਨ ਫ਼ੀਸ ਲਈ 17 ਲੱਖ 95 ਹਜ਼ਾਰ ਰੁਪਏ ਦੀ ਮੰਗ ਕੀਤੀ ਤਾਂ ਮੁੰਦਈ ਨੇ ਇਹ ਪੇਮੈਂਟ ਵੀ ਟਰਾਂਸਫ਼ਰ ਕਰ ਦਿੱਤੀ। ਫਿਰ ਮੁੱਦਈ ਨੂੰ ਇਕ ਲੈਟਰ ਮਿਲਿਆ ਜਿਸ ਵਿਚ 15 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ। ਜਿਸ ’ਤੇ ਮੁੰਦਈ ਨੂੰ ਸ਼ੱਕ ਹੋਇਆ ਤਾਂ ਉਸ ਨੇ ਮੋਬਾਈਲ ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜੋ ਬੰਦ ਆ ਰਹੇ ਸਨ । ਮੁੱਦਈ ਨੂੰ ਸ਼ੱਕ ਹੋਇਆ ਕਿ ਨਾਮਾਲੂਮ ਵਿਅਕਤੀਆਂ ਨੇ ਕਾਰ ਏਜੰਸੀ ਦੇਣ ਦੀ ਆੜ ‘ਚ ਉਸ ਨਾਲ ਠੱਗੀ ਮਾਰੀ ਹੈ। ਉੱਧਰ ਪੁਲਿਸ ਕਾਰਵਾਈ ਅਨੁਸਾਰ ਮੁੱਦਈ ਸੰਜੀਵ ਬਾਂਸਲ ਦੇ ਬਿਆਨਾਂ ਦੇ ਆਧਾਰ ’ਤੇ 58 ਲੱਖ 15 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Post navigation Previous Post ਬਾਦਲ ਪਰਿਵਾਰ ਹਮੇਸ਼ਾ ਪੰਥ ਵਿਰੋਧੀ ਰਿਹਾ : ਗਿਆਨੀ ਹਰਪ੍ਰੀਤ ਸਿੰਘNext Postਫ਼ਰਵਾਹੀ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ