Posted inਚੰਡੀਗੜ੍ਹ ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ ‘ਚ ਹੰਗਾਮਾ, ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ Posted by overwhelmpharma@yahoo.co.in Mar 21, 2025 ਚੰਡੀਗੜ੍ਹ, 21 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ (ਪੰਜਾਬ ਵਿਧਾਨ ਸਭਾ ਸੈਸ਼ਨ 2025) ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦੀ ਯੋਜਨਾ ਬਣਾ ਲਈ ਸੀ, ਜਿਸ ਵਿੱਚ ਦੋ ਦਿਨ ਪਹਿਲਾਂ ਸ਼ੰਭੂ ਅਤੇ ਖਨੋਰੀ ਸਰਹੱਦ ਤੋਂ ਕਿਸਾਨ ਮੋਰਚੇ ਨੂੰ ਜ਼ਬਰਦਸਤੀ ਚੁੱਕਣਾ ਅਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਵਰਗੇ ਮੁੱਦੇ ਸ਼ਾਮਲ ਹਨ। ਕਾਂਗਰਸੀ ਵਿਧਾਇਕ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਏ ਬਜਟ ਸੈਸ਼ਨ (ਪੰਜਾਬ ਬਜਟ ਸੈਸ਼ਨ 2025) ਦੇ ਪਹਿਲੇ ਦਿਨ ਯਾਨੀ ਅੱਜ ਸਿਰਫ਼ ਰਾਜਪਾਲ ਦਾ ਸੰਬੋਧਨ ਰੱਖਿਆ ਗਿਆ। ਰਾਜਪਾਲ ਦੇ ਸੰਬੋਧਨ ਦੌਰਾਨ ਕਾਂਗਰਸੀ ਵਿਧਾਇਕ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਏ ਸਨ। ਅਜਿਹੇ ‘ਚ ਜਦੋਂ ਰਾਜਪਾਲ ਗੁਲਾਬਚੰਦ ਕਟਾਰੀਆ ਆਪਣਾ ਭਾਸ਼ਣ ਪੜ੍ਹ ਰਹੇ ਸਨ ਤਾਂ ਵਿਰੋਧੀ ਧਿਰ ਦੇ ਨੇਤਾ ਨੇ ਉਨ੍ਹਾਂ ਨੂੰ ਰੋਕ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹ ਕਿਸਾਨਾਂ ਅਤੇ ਸੈਨਿਕਾਂ ਦੇ ਹੱਕ ਵਿੱਚ ਨਾਅਰੇ ਲਗਾ ਰਹੇ ਸੀ। ਉਨ੍ਹਾਂ ਦੇ ਹੱਥਾਂ ਵਿੱਚ ਕਿਸਾਨਾਂ ਨਾਲ ਕੀਤੇ ਵਿਸ਼ਵਾਸਘਾਤ ਨੂੰ ਦਰਸਾਉਂਦੀਆਂ ਤਖ਼ਤੀਆਂ ਵੀ ਹਨ, ਜਿਨ੍ਹਾਂ ਨੂੰ ਉਹ ਆਪਣੇ ਸੰਬੋਧਨ ਦੌਰਾਨ ਲਹਿਰਾ ਰਹੇ ਹਨ।ਸੰਬੋਧਨ ਦੌਰਾਨ ਕਾਂਗਰਸੀ ਮੈਂਬਰ ਸਦਨ ਤੋਂ ਵਾਕਆਊਟ ਕਰ ਗਏ। ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਤੇ ਜਵਾਨ ਸੁਰੱਖਿਅਤ ਨਹੀਂ ਹਨ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਹੁਣ ਤੱਕ ਇਸ ਮਾਮਲੇ ਵਿੱਚ ਮੂੰਹ ਨਹੀਂ ਖੋਲ੍ਹਿਆ। ਬਾਜਵਾ ਨੇ ਕਿਹਾ ਕਿ ਇਹ ਸਾਰੇ ਅਧਿਕਾਰੀਆ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਇਸ ਸਮੁੱਚੇ ਮਾਮਲੇ ਦੀ ਜਾਂਚ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਕਿਸਾਨੀ ਮਸਲਿਆਂ ਲਈ ਮੀਟਿੰਗ ਕਰਨ ਲਈ ਬੁਲਾਇਆ ਗਿਆ ਤੇ ਦੂਜੇ ਪਾਸੇ ਕਿਸਾਨਾਂ ਨੂੰ ਜਬਰੀ ਚੁੱਕਿਆ ਗਿਆ ਹੈ। ਇਹ ਸਰਕਾਰ ਦਾ ਰਵਈਆ ਠੀਕ ਨਹੀਂ ਹੈ। ਬਾਜਵਾ ਨੇ ਕਿਹਾ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਬਾਰਡਰ ਤਾਂ ਇਕ ਸਾਲ ਤੋਂ ਬੰਦ ਹੈ ਉਦੋਂ ਤੋਂ ਕਿਉਂ ਵਪਾਰੀਆਂ ਨਾਲ ਗੱਲ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਜ਼ਿਮਨੀ ਚੋਣ ਲਈ ਕੀਤਾ ਗਿਆ ਹੈ। ਬਾਜਵਾ ਨੇ ਨਸ਼ੇ ਦੇ ਮੁੱਦੇ ‘ਤੇ ਗੱਲ ਕਰਦਿਆਂ ਕਿਹਾ ਕਿ ਪੁਲਿਸ ਨੂੰ ਪਹਿਲਾਂ ਵੱਡੀਆਂ ਮੱਛੀਆਂ ਦੇ ਘਰ ਢਾਉਣੇ ਚਾਹੀਦੇ ਹਨ। ਬਾਜਵਾ ਨੇ ਕਿਹਾ ਕਿ ਪੁਲਿਸ ਨੇ ਬਰਖਾਸਤ ਏਆਈਜੀ ਰਾਜਜੀਤ ਦਾ ਘਰ ਕਿਉਂ ਨਹੀਂ ਢਾਇਆ। ਉਹਨਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਜਾਣ ਬੁੱਝ ਕੇ ਉਸ ਨੂੰ ਪੰਜਾਬ ਤੋਂ ਬਾਹਰ ਕੱਢਿਆ ਹੈ। ਨਸ਼ੇ ਦੇ ਮੁੱਦੇ ‘ਤੇ ਸਰਕਾਰ ਇੱਕ ਡਰਾਮਾ ਕਰ ਰਹੀ ਹੈ ਜਦ ਕਿ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਪੂਰੀ ਜਾਣਕਾਰੀ ਹੈ ਇਹ ਪੁਲਿਸ ਦੀ ਮਿਲੀ ਭੁਗਤ ਨਾਲ ਧੰਦਾ ਚੱਲ ਰਿਹਾ ਹੈ। ਬਾਜਵਾ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਕਿਸਾਨ ਧਰਨਿਆਂ ਵਿੱਚ ਸ਼ਾਮਿਲ ਹੁੰਦੇ ਸਨ। ਪਰ ਹੁਣ ਸਰਕਾਰ ਬਣਨ ਬਾਅਦ ਕਿਸਾਨਾਂ ਨੂੰ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ।।ਸਰਕਾਰ ਤੋਂ ਕੋਈ ਵਰਗ ਖ਼ੁਸ਼ ਨਹੀਂ ਹੈ ਜ਼ਿਕਰਯੋਗ ਹੈ ਕਿ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਕਾਂਗਰਸ ਅਤੇ ਹੁਕਮਰਾਨ ਧਿਰ ’ਤੇ ਤਿੱਖੀ ਬਹਿਸ ਹੋਣ ਦੇ ਆਸਾਰ ਹਨ। ਹੁਕਮਰਾਨ ਧਿਰ ਜਿੱਥੇ ਨਸ਼ਿਆਂ, ਭ੍ਰਿਸ਼ਟਾਚਾਰ, ਸਰਕਾਰੀ ਨੌਕਰੀਆਂ, ਸਿਹਤ ਤੇ ਅਮਨ ਕਾਨੂੰਨ ਦੀ ਸਥਿਤੀ ’ਤੇ ਵਿਰੋਧੀਆਂ ’ਤੇ ਹਮਲਾਵਰ ਰੁਖ਼ ਰੱਖਣ ਦੀ ਰਣਨੀਤੀ ਬਣਾ ਰਹੀ ਹੈ, ਉਥੇ ਕਾਂਗਰਸ ਵਲੋਂ ਸੂਬਾ ਸਰਕਾਰ ਨੂੰ ਨਸ਼ੇ, ਭ੍ਰਿਸ਼ਟਾਚਾਰ, ਨਾਜ਼ਾਇਜ ਖਣਨ ਅਤੇ ਕਿਸਾਨੀ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਵਿਚ ਹੈ। ਬੀਤੇ ਕੱਲ੍ਹ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣਾ, ਖਨੌਰੀ ਤੇ ਸੰਭੂ ਬਾਰਡਰ ਤੋ ਮੋਰਚੇ ਤੋਂ ਕਿਸਾਨਾਂ ਨੂੰ ਹਟਾਉਣ ਦਾ ਮੁੱਦਾ ਕਾਂਗਰਸ ਦੇ ਹੱਥ ਲੱਗ ਗਿਆ ਹੈ। ਕਾਂਗਰਸ ਨੂੰ ਸਦਨ ਵਿਚ ਹਮਲਾਵਰ ਰੁਖ਼ ਇਸ ਲਈ ਵੀ ਦਿਖਾਉਣਾ ਪਵੇਗਾ ਕਿਉਂਕਿ ਲੁਧਿਆਣਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਆਪ ਨੇ ਪੂਰੀ ਤਿਆਰੀ ਖਿੱਚ ਦਿੱਤੀ ਹੈ, ਜਦਕਿ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਨੇ ਕੋਈ ਕਦਮ ਨਹੀਂ ਪੁੱਟਿਆ। ਸੱਭ ਤੋਂ ਅਹਿਮ ਗੱਲ ਹੈ ਕਿ ਪਿਛਲੇ ਦਿਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਦੀ ਨਿਗਰਾਨੀ ਹੇਠ ਹੋਈ ਕਾਂਗਰਸੀ ਵਿਧਾਇਕਾਂ ਦੀ ਦਿੱਲੀ ’ਚ ਹੋਈ ਮੀਟਿੰਗ ਦੌਰਾਨ ਵਿਧਾਇਕਾਂ ਨੂੰ ਸਰਕਾਰ ਖਿਲਾਫ਼ ਬੋਲਣ ਦੇ ਹੁਕਮ ਦਿੱਤੇ ਗਏ ਸਨ। ਕਾਂਗਰਸੀ ਹਲਕਿਆਂ ਵਿਚ ਇਹ ਚਰਚਾ ਚੱਲ ਰਹੀ ਸੀ ਕਿ ਪਾਰਟੀ ਦੇ ਸੀਨੀਅਰ ਲੀਡਰ ਸਰਕਾਰ ਦੇ ਖਿਲਾਫ਼ ਖੁੱਲ੍ਹ ਕੇ ਬੋਲ ਨਹੀਂ ਰਹੇ। ਹੁਣ ਜਦੋਂ ਬੀਤੀ ਰਾਤ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਹਟਾਇਆ ਗਿਆ ਹੈ ਅਤੇ ਮੀਟਿੰਗ ਉਪਰੰਤ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਸ ਨਾਲ ਵਿਰੋਧੀ ਧਿਰ ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਜਦਕਿ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਉਦਯੋਗ ਨੂੰ ਹੁਲਾਰਾ ਦੇਣ ਦਾ ਹਵਾਲਾ ਦਿੰਦੇ ਹੋਏ ਹਾਈਵੇਅ ਤੋਂ ਧਰਨਾ ਹਟਾਉਣ ਨੂੰ ਜਰੂਰੀ ਕਦਮ ਉਠਾਉਣ ਦੀ ਬਿਆਨਬਾਜ਼ੀ ਕਰ ਰਹੇ ਹਨ। ਹਾਲਾਂਕਿ ਸਰਕਾਰ ਦੇ ਸਾਰੇ ਮੰਤਰੀ ਤੇ ਬੁਲਾਰੇ ਕਿਸਾਨਾਂ ਨਾਲ ਖੜ੍ਹਾ ਹੋਣ ਦਾ ਦਮ ਭਰ ਰਹੇ ਹਨ ਪਰ ਉਹ ਸੂਬੇ ਦੇ ਵਿਕਾਸ ਲਈ ਹਾਈਵੇਅ ਤੋਂ ਧਰਨਾ ਹਟਾਉਣ ਨੂੰ ਜ਼ਾਇਜ਼ ਠਹਿਰਾ ਰਹੇ ਹਨ। ਆਪ ਲੀਡਰਸ਼ਿਪ ਇਹ ਵੀ ਮੰਨ ਰਹੀ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਡੇਢ ਦਰਜ਼ਨ ਦੇ ਕਰੀਬ ਤਹਿਸੀਲਦਾਰਾਂ ਨੂੰ ਮੁੱਅਤਲ ਕਰਨਾ ਅਤੇ ਵੱਡੀ ਗਿਣਤੀ ਵਿਚ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰਾਂ ਦਾ ਤਬਾਦਲਾ ਕਰਕੇ ਲੋਕਾਂ ਵਿਚ ਸਰਕਾਰ ਦੀ ਚੰਗੀ ਭੱਲ ਬਣੀ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਵਿਰੋਧੀ ਧਿਰ ਸਰਕਾਰ ’ਤੇ ਕਿੰਨਾਂ ਦਬਦਬਾ ਬਣਾਉਣ ਵਿਚ ਕਾਮਯਾਬ ਹੋਵੇਗੀ। 26 ਨੂੰ ਹੋਵੇਗਾ ਬਜਟ ਪੇਸ਼ ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸ਼ੁੱਕਰਵਾਰ ਸਦਨ ਸ਼ੁਰੂ ਹੋਵੇਗਾ। ਸਨਿੱਚਰਵਾਰ ਤੇ ਐਤਵਾਰ ਛੁੱਟੀ ਹੋਵੇਗੀ ਅਤੇ ਸੋਮਵਾਰ 24 ਮਾਰਚ ਨੂੰ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਹੋਵੇਗੀ। 26 ਮਾਰਚ ਨੂੰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਿੱਤੀ ਸਾਲ 2025-26 ਲਈ ਬਜ਼ਟ ਪੇਸ਼ ਕਰਨਗੇ ਅਤੇ 27 ਤੇ 28 ਮਾਰਚ ਨੂੰ ਬਜਟ ’ਤੇ ਬਹਿਸ ਉਪਰੰਤ ਬਜਟ ਪਾਸ ਕੀਤਾ ਜਾਵੇਗਾ। Post navigation Previous Post ਬਿਜਲੀ ਮੁਰੰਮਤ ਦੌਰਾਨ ਲਾਈਨਮੈਨ ਨੂੰ ਲੱਗਿਆ ਕਰੰਟ, ਮੌਤNext Postਵਿਜੀਲੈਂਸ ਵਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਜੇਈ ਕਾਬੂ