ਫਿਰੋਜ਼ਪੁਰ, 5 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਪਿੰਡ ਹਸਤੀ ਵਾਲਾ ਨੇੜੇ ਇੱਕ ਸਕੂਲ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਆ ਰਹੀ ਗੁਰੂ ਰਾਮਦਾਸ ਪਬਲਿਕ ਸਕੂਲ ਦੀ ਇਹ ਬੱਸ ਪਿੰਡ ਹਸਤੀ ਵਾਲਾ ਦੇ ਸੇਮ ਨਾਲੇ ਨੇੜੇ ਆ ਕੇ ਹਾਦਸਾਗ੍ਰਸਤ ਹੋ ਗਈ। ਹਾਲਾਂਕਿ ਬੱਸ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੁੱਢਲੇ ਤੌਰ ‘ਤੇ ਬੱਸ ਸੇਮ ਨਾਲੇ ਦੇ ਪੁਲ ਦੀ ਰੇਲਿੰਗ ਤੋੜ ਕੇ ਨਾਲੇ ਵਿੱਚ ਡਿੱਗ ਪਈ। ਰਾਹਗੀਰਾਂ ਵੱਲੋਂ ਆਪਣੀਆਂ ਗੱਡੀਆਂ ਰੋਕ ਕੇ ਬੱਚਿਆਂ ਨੂੰ ਬੱਸ ਵਿੱਚੋਂ ਕੱਢਿਆ ਗਿਆ।ਹਾਦਸੇ ਦਾ ਸੁਖਦ ਪਹਿਲੂ ਇਹ ਰਿਹਾ ਕਿ ਇਸ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਡਰਾਈਵਰ ਸਮੇਤ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ।