Posted inਬਰਨਾਲਾ ਜਿਸ ਸਕੂਲ ’ਚ ਪਿਤਾ ਕਰਦਾ ਹੈ ਦਿਹਾੜੀ, ਉਸੇ ਸਕੂਲ ’ਚ ਧੀ ਆਈ ਮੈਰਿਟ ਸੂਚੀ ’ਚ Posted by overwhelmpharma@yahoo.co.in Apr 5, 2025 – 8ਵੀਂ ਜਮਾਤ ’ਚੋਂ ਬਰਨਾਲਾ ਜ਼ਿਲ੍ਹੇ ’ਚ ਹਾਸਲ ਕੀਤਾ ਪਹਿਲਾ ਸਥਾਨ ਬਰਨਾਲਾ, 5 ਅਪ੍ਰੈਲ (ਰਵਿੰਦਰ ਸ਼ਰਮਾ) : ਪੀਐਮਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਕਲਾਸ ਦੇ ਨਤੀਜਿਆਂ ਵਿਚ ਮੈਰਿਟ ਸੂਚੀ ਵਿਚ ਸ਼ਾਮਲ ਹੋ ਕੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸਕੂਲ ਪ੍ਰਿੰਸੀਪਲ ਮੈਡਮ ਨਿਦਾ ਅਲਤਾਫ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹੋਣਹਾਰ ਵਿਦਿਆਰਥਣ ਨੇ ਕੁੱਲ 600 ਨੰਬਰਾਂ ਵਿਚੋਂ 589 ਨੰਬਰ ਹਾਸਿਲ ਕਰਕੇ ਸੂਬੇ ਭਰ ਵਿਚੋਂ 12ਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਦੇ ਨਾਲ ਨਾਲ ਸਮੁੱਚੇ ਇਲਾਕੇ ਦਾ ਨਾਮ ਰੁਸ਼ਨਾਇਆ ਹੈ। ਦੱਸਣਯੋਗ ਹੈ ਕਿ ਵਿਦਿਆਰਥਣ ਦਿਲਪ੍ਰੀਤ ਦੇ ਪਿਤਾ ਇਸੇ ਸਕੂਲ ਵਿਚ ਦਿਹਾੜੀਦਾਰ ਕਾਮੇ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ। ਘਰ ਵਿਚ ਸਹੂਲਤਾਂ ਦੀ ਬੇਹੱਦ ਘਾਟ ਹੋਣ ਬਾਵਜੂਦ ਬਿਨਾਂ ਕਿਸੇ ਪ੍ਰਾਈਵੇਟ ਟ੍ਰਿਊਸ਼ਨ ਤੋਂ ਇਸ ਵਿਦਿਆਰਥਣ ਨੇ ਆਪਣੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਹੱਲਾਸ਼ੇਰੀ ਨਾਲ ਇਹ ਉੱਚ ਮੁਕਾਮ ਹਾਸਿਲ ਕੀਤਾ ਹੈ। ਜ਼ਿਲ੍ਹੇ ਦਾ ਇਹ ਸਕੂਲ ਸੂਬਾ ਸਰਕਾਰ ਵੱਲੋਂ ਐਲਾਨੇ ਪੀਐਮ ਸ਼੍ਰੀ ਸਕੂਲਾਂ ਵਿਚੋਂ ਪਹਿਲੇ ਚੋਣਵੇਂ ਸਕੂਲਾਂ ਵਿਚੋਂ ਇੱਕ ਹੈ। ਸਕੂਲ ਦਾ ਕੁੱਲ ਨਤੀਜਾ ਪਿਛਲੇ ਕਈ ਸਾਲਾਂ ਵਾਂਗ ਇਸ ਵਾਰ ਵੀ 100 ਫ਼ੀਸਦੀ ਰਿਹਾ ਹੈ। ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਇੰਦੂ ਸਿਮਕ ਨੇ ਦਿਲਪ੍ਰੀਤ ਦੇ ਨਾਲ ਨਾਲ ਸਮੂਹ ਸਟਾਫ਼ ਅਤੇ ਪ੍ਰਿੰਸੀਪਲ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਅੱਗੇ ਤੋਂ ਵੀ ਇਹ ਸਕੂਲ ਅਜਿਹੀਆਂ ਲਾਸਾਨੀ ਪ੍ਰਾਪਤੀਆਂ ਹਾਸਿਲ ਕਰਦਾ ਰਹੇਗਾ। Post navigation Previous Post ਬਰਨਾਲਾ ਦੇ ਪਿੰਡ ਕੁਰੜ ਪੁੱਜੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾNext Postਸਪੋਰਟਸ ਵਿੰਗ ਸਕੂਲਾਂ ਵਿਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਟਰਾਇਲ 8 ਅਤੇ 9 ਅਪ੍ਰੈਲ ਨੂੰ