ਤਰਕਸ਼ੀਲ ਸੁਸਾਇਟੀ ਪੰਜਾਬ ਦਾ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਸ਼ੁਰੂ

– ਮੂਲਵਾਦ ਦੀ ਸਿਆਸਤ ਖ਼ਿਲਾਫ਼ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ’ਚ ਇਨਸਾਫ਼ਪਸੰਦਾਂ ਨੂੰ ਇਕਮੁੱਠ ਹੋਣ ਦਾ ਸੱਦਾ

ਬਰਨਾਲਾ, 6 ਅਪ੍ਰੈਲ (ਰਵਿੰਦਰ ਸ਼ਰਮਾ) : ਸਮਾਜ ਵਿਚ ਅੰਧ ਵਿਸ਼ਵਾਸ਼ਾਂ ਵਿਰੁੱਧ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਚਾਰ ਦਹਾਕਿਆਂ ਤੋਂ ਲਗਾਤਾਰ ਜਦੋਜਹਿਦ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਦੋ ਰੋਜ਼ਾ ਸੂਬਾਈ ਡੈਲੀਗੇਟ ਇਜਲਾਸ ਇੱਥੇ ਸੁਸਾਇਟੀ ਦੇ ਸੂਬਾ ਹੈੱਡਕੁਆਰਟਰ ‘ਤਰਕਸ਼ੀਲ ਭਵਨ’ ਵਿਖੇ ਆਰੰਭ ਹੋਇਆ। ਇਸ ਵਿੱਚ ਪੰਜਾਬ ਦੇ 10 ਜ਼ੋਨਾਂ ਦੀਆਂ 50 ਇਕਾਈਆਂ ਦੇ ਚੁਣੇ ਹੋਏ 150 ਡੈਲੀਗੇਟ ਅਤੇ ਦਰਸ਼ਕ ਹਿੱਸਾ ਲੈ ਰਹੇ ਹਨ।ਉਦਘਾਟਨੀ ਸੈਸ਼ਨ ਦੇ ਮੁੱਖ ਬੁਲਾਰੇ ਪ੍ਰਸਿੱਧ ਜਮਹੂਰੀ ਚਿੰਤਕ ਅਤੇ ਸਮਾਜਿਕ ਕਾਰਕੁਨ ਹਿਮਾਂਸ਼ੂ ਕੁਮਾਰ ਨੇ ‘ਮੌਜੂਦਾ ਦੌਰ ‘ਚ ਫਾਸ਼ੀਵਾਦ ਦੀਆਂ ਚੁਣੌਤੀਆਂ ਅਤੇ ਸਾਡੇ ਕਾਰਜ’ ਵਿਸ਼ੇ ਉਤੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ‘ਮਾਰਚ 2026 ਤੱਕ ਦੇਸ਼ ਵਿੱਚੋਂ ਨਕਸਲਵਾਦ ਦਾ ਸਫ਼ਾਇਆ ਕਰਨ’ ਦੀ ਭਾਜਪਾ ਦੀ ਕੇਂਦਰੀ ਹਕੂਮਤ ਦੀ ਦਮਨਕਾਰੀ ਨੀਤੀ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਅਖੌਤੀ ਆਰਥਿਕ ਵਿਕਾਸ ਦੇ ਨਾਂਅ ਹੇਠ ਆਦਿਵਾਸੀ ਲੋਕਾਂ ਦੇ ਉਜਾੜੇ ਅਤੇ ਉਨ੍ਹਾਂ ਦੇ ਜਲ, ਜੰਗਲ, ਜ਼ਮੀਨ ਅਤੇ ਖਣਿਜ ਪਦਾਰਥਾਂ ਨੂੰ ‘ਲੁੱਟਣ ਲਈ ਕਾਰਪੋਰੇਟ ਪ੍ਰੋਜੈਕਟਾਂ ਦਾ ਰਾਹ ਸਾਫ਼ ਕਰਨ’ ਦੀ ਫਾਸ਼ੀਵਾਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਦਾ ਲੋਕਾਂ ਦੇ ਬੁਨਿਆਦੀ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਮੁਕਾਬਲਿਆਂ’ ਦੇ ਨਾਂਅ ਹੇਠ ‘ਅਪਰੇਸ਼ਨ ਕਗਾਰ’ ਤਹਿਤ ਬਸਤਰ ਖੇਤਰ ਅੰਦਰ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਗ਼ੈਰਅਦਾਲਤੀ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਆਦਿਵਾਸੀ ਔਰਤਾਂ ਅਤੇ ਬੱਚੇ ਵੀ ਮਾਰੇ ਜਾ ਰਹੇ ਹਨ। ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਸਮੇਤ ਸਾਰੀਆਂ ਹੀ ਜਮਹੂਰੀ ਤੇ ਇਨਸਾਫ਼ਪਸੰਦ ਤਾਕਤਾਂ ਅਤੇ ਸਮਾਜ ਦੇ ਸਮੂਹ ਚੇਤਨ ਲੋਕਾਂ ਨੂੰ ਹੁਕਮਰਾਨਾਂ ਦੇ ਇਨ੍ਹਾਂ ਮਨਸੂਬਿਆਂ ਅਤੇ ‘ਕਤਲੇਆਮ’ ਖ਼ਿਲਾਫ਼ ਆਵਾਜ਼ ਉਠਾਉਣ ਦੀ ਪੁਰਜ਼ੋਰ ਅਪੀਲ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਸੂਬਾ ਕਮੇਟੀ ਆਗੂ ਮਾ. ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ ਅਤੇ ਬਲਬੀਰ ਲੌਂਗੋਵਾਲ ਨੇ ਕੀਤੀ ਗਈ। ਸੂਬਾਈ ਜਥੇਬੰਦਕ ਮੁਖੀ ਮਾ. ਰਾਜਿੰਦਰ ਭਦੌੜ ਨੇ ਮੁੱਖ ਬੁਲਾਰੇ ਹਿਮਾਂਸ਼ੂ ਕੁਮਾਰ ਸਮੇਤ ਪੰਜਾਬ ਦੀਆਂ ਸਮੂਹ ਇਕਾਈਆਂ ਦੇ ਹਾਜ਼ਰ ਡੈਲੀਗੇਟਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬ ਸਮੇਤ ਦੇਸ਼ ਵਿਚ ਧਾਰਮਿਕ ਮੂਲਵਾਦ ਦੀ ਰਾਜਨੀਤੀ ਕਰਨ ਵਾਲੀਆਂ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵੱਲੋਂ ਵਿਗਿਆਨਕ ਵਿਚਾਰਧਾਰਾ ਅਤੇ ਤਰਕਸ਼ੀਲ ਸੰਸਥਾਵਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਦਾ ਟਾਕਰਾ ਕਰਨ ਲਈ ਲੋਕ ਪੱਖੀ ਜਮਹੂਰੀ ਜਨਤਕ ਜੱਥੇਬੰਦੀਆਂ ਨਾਲ ਸਾਂਝੀਆਂ ਸਰਗਰਮੀਆਂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।ਸਟੇਜ ਦੀ ਕਾਰਵਾਈ ਸੂਬਾ ਕਮੇਟੀ ਆਗੂ ਰਾਮ ਸਵਰਨ ਲੱਖੇਵਾਲੀ ਨੇ ਚਲਾਈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.