Posted inਬਰਨਾਲਾ ਬਰਨਾਲਾ ਤੋਂ ਅਗਵਾ 2 ਸਾਲ ਦਾ ਬੱਚਾ ਲੁਧਿਆਣਾ ਦੇ ਹਸਪਤਾਲ ਵਿੱਚੋਂ ਬਰਾਮਦ, ਔਰਤ ਸਮੇਤ 9 ਮੁਲਜ਼ਮ ਗ੍ਰਿਫ਼ਤਾਰ Posted by overwhelmpharma@yahoo.co.in Apr 7, 2025 – ਬੱਚੇ ਨੂੰ ਮੱਧ ਪ੍ਰਦੇਸ਼ ਵਿੱਚ ਤੰਤਰਿਕ ਨੂੰ ਵੇਚਣ ਦੀ ਸੀ ਯੋਜਨਾ, ਸਿਰ ਵੀ ਮੁੰਡਵਾ ਦਿੱਤਾ ਸੀ – ਫੜੇ ਗਏ ਮੁਲਜ਼ਮਾਂ ਵਿੱਚੋਂ 2 ਮੁਲਜ਼ਮ 2023 ਵਿੱਚ ਲੁਧਿਆਣਾ ਵਿੱਚ 8 ਕਰੋੜ ਰੁਪਏ ਦੀ ਬੈਂਕ ਡਕੈਤੀ ਵਿੱਚ ਵੀ ਸ਼ਾਮਲ – ਲੁਧਿਆਣਾ ਦੇ ਇੱਕ ਡਾਕਟਰ ਅਤੇ ਆਸ਼ਾ ਵਰਕਰ ਨੇ ਰਚੀ ਸੀ ਅਗਵਾ ਕਰਨ ਦੀ ਸਾਜ਼ਿਸ਼ – ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਬਾਈਕ, ਕਾਰ ਅਤੇ ਹੋਰ ਸਾਮਾਨ ਬਰਾਮਦ – ਪੁਲਿਸ ਨੇ ਬੱਚੇ ਦੀ 10ਵੀਂ ਤੱਕ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਕੀਤਾ ਐਲਾਨ ਬਰਨਾਲਾ, 7 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਪੁਲਿਸ ਨੇ ਬੱਚਾ ਚੋਰ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਪੁਲਿਸ ਨੇ ਬੱਚੇ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਇਸ ਸਬੰਧੀ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਬਰਾਮਦ ਕੀਤਾ ਗਿਆ ਬੱਚਾ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੇ ਪਰਿਵਾਰ ਦਾ ਸੀ, ਜਿਸ ਦੀ ਉਮਰ 2 ਸਾਲ ਸੀ। ਡੀਆਈਜੀ ਨੇ ਦੱਸਿਆ ਕਿ ਬੱਚੇ ਨੂੰ 4 ਅਪ੍ਰੈਲ ਨੂੰ 2 ਬਾਈਕ ਸਵਾਰਾਂ ਨੇ ਅਗਵਾ ਕੀਤਾ ਸੀ। ਦੁਪਹਿਰ ਸਮੇਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਸੀ। ਬਰਨਾਲਾ ਪੁਲਿਸ ਦੇ ਐੱਸਐੱਸਪੀ ਸਰਫਰਾਜ਼ ਆਲਮ ਦੀ ਟੀਮ ਜਿਸ ’ਚ ਐੱਸਪੀ ਸੰਦੀਪ, ਡੀਐੱਸਪੀ ਸਤਬੀਰ ਬੈਂਸ, ਇੰਸਪੈਕਟਰ ਸੀਈਏ ਬਲਜੀਤ ਸਿੰਘ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਤੋਂ ਪੁਲਿਸ ਨੂੰ ਸੁਰਾਗ ਮਿਲੇ। ਉਨ੍ਹਾਂ ਕਿਹਾ ਕਿ ਫੜੇ ਗਏ ਗਿਰੋਹ ਦਾ ਨੈੱਟਵਰਕ ਰਾਜਸਥਾਨ, ਮੱਧ ਪ੍ਰਦੇਸ਼ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਦੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਨਾ ਸਾਡੇ ਲਈ ਚੁਣੌਤੀ ਸੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਇੱਕ ਹਸਪਤਾਲ ਦੇ ਡਾਕਟਰ ਵਿਕਾਸ ਤਿਵਾੜੀ ਤੇ ਆਸ਼ਾ ਵਰਕਰ ਲੁਧਿਆਣਾ ਨੇ ਇਹ ਸਾਰੀ ਯੋਜਨਾ ਬਣਾਈ ਸੀ। ਬੱਚੇ ਨੂੰ ਮਾਨਵ ਅਰੋੜਾ, ਦਮਨਪ੍ਰੀਤ ਨੇ ਅਗਵਾ ਕੀਤਾ। ਕਾਰ ਵਿੱਚ ਲੁਧਿਆਣਾ ਲੈ ਗਏ, ਇਸ ਤੋਂ ਬਾਅਦ ਰਾਜਸਥਾਨ, ਮੱਧ ਪ੍ਰਦੇਸ਼ ਚਲੇ ਗਏ। ਮੱਧ ਪ੍ਰਦੇਸ਼ ਵਿੱਚ ਕਿਤੇ ਬੱਚੇ ਨੂੰ ਵੇਚਣਾ ਸੀ। ਉੱਥੇ ਇੱਕ ਚੌਂਕੀ ਬਣਾਈ ਸੀ ਸ਼ਾਇਦ ਮੁਲਜ਼ਮਾਂ ਨੇ ਕੋਈ ਜਾਦੂ-ਟੂਣਾ ਕਰਨਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕੋਈ ਤੰਤਰਿਕ ਉੱਥੇ ਆਉਣ ਵਾਲਾ ਸੀ। ਗਿਰੋਹ ਵਿੱਚ ਸ਼ਾਮਲ ਦਮਨਪ੍ਰੀਤ ਸਿੰਘ ਉਰਫ਼ ਅਮਨ ਉਰਫ਼ ਫੂਲੀ ਅਤੇ ਆਦਿਤਿਆ ਉਰਫ਼ ਨੰਨੂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ 2023 ਵਿੱਚ ਲੁਧਿਆਣਾ ਵਿੱਚ 8 ਕਰੋੜ ਰੁਪਏ ਦੀ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮੌਕੇ ਡੀਆਈਜੀ ਨੇ ਬੱਚੇ ਨੂੰ ਪਰਿਵਾਰ ਨੂੰ ਸੌਂਪਦਿਆਂ ਐਲਾਨ ਕੀਤਾ ਕਿ ਪੰਜਾਬ ਪੁਲਿਸ ਬੱਚੇ ਦੀ 10ਵੀਂ ਤੱਕ ਦੀ ਪੜ੍ਹਾਈ ਦਾ ਖਰਚਾ ਚੁੱਕੇਗੀ ਜੇਕਰ ਪਰਿਵਾਰ ਦੀ ਸਹਿਮਤੀ ਹੋਵੇਗੀ ਤਾਂ। ਉਨ੍ਹਾਂ ਨੇ ਮਾਮਲੇ ਨੂੰ ਸੁਲਝਾਉਣ ਵਾਲੀ ਪੁਲਿਸ ਟੀਮ ਲਈ ਤਮਗੇ ਅਤੇ ਤਰੱਕੀ ਦਾ ਵੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਮੁਲਜ਼ਮ ਦਵਿੰਦਰ ਸਿੰਘ, ਰੋਹਿਤ ਅਤੇ ਦਸ਼ਰਥ ਸਿੰਘ ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦਮਨਪ੍ਰੀਤ ਸਿੰਘ, ਆਦਿਤਿਆ ਉਰਫ਼ ਨੰਨੂ, ਮਾਨਵ ਅਰੋੜਾ, ਰਵਿੰਦਰ ਕੌਰ ਅਤੇ ਡਾ. ਵਿਕਾਸ ਤਿਵਾੜੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਅਗਵਾ ਕੀਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਰਵਿੰਦਰ ਕੌਰ ਜੋ ਕਿ ਇੱਕ ਆਸ਼ਾ ਵਰਕਰ ਹੈ, ਨੇ ਬੱਚੇ ਨੂੰ ਡਾ. ਵਿਕਾਸ ਤਿਵਾੜੀ ਰਾਹੀਂ 2 ਲੱਖ ਰੁਪਏ ਵਿੱਚ ਵੇਚਣ ਦੀ ਸਾਜ਼ਿਸ਼ ਰਚੀ ਸੀ। ਮੁਲਜ਼ਮ ਕੋਹਿਨੂਰ ਸਿੰਘ ਰਵਿੰਦਰ ਕੌਰ ਦਾ ਪੁੱਤਰ ਹੈ, ਨੇ ਮੁਲਜ਼ਮ ਆਦਿਤਿਆ ਉਰਫ਼ ਨੰਨੂ ਅਤੇ ਦਮਨਪ੍ਰੀਤ ਸਿੰਘ ਜੋ ਜੇਲ੍ਹ ਵਿੱਚ ਸਨ, ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਬਾਈਕ, ਇੱਕ ਕਾਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਹ ਇੱਕ ਰਾਸ਼ਟਰੀ ਪੱਧਰ ਦਾ ਗਿਰੋਹ ਹੈ ਜੋ ਕਈ ਰਾਜਾਂ ਵਿੱਚ ਕੰਮ ਕਰ ਰਿਹਾ ਹੈ। Post navigation Previous Post ਪੰਜਾਬ ਸਿੱਖਿਆ ਕ੍ਰਾਂਤੀ : ਸੰਸਦ ਮੈਂਬਰ ਮੀਤ ਹੇਅਰ ਵਲੋਂ 82.89 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨNext Postਜੱਚਾ-ਬੱਚਾ ਸਿਹਤ ਸੰਭਾਲ ਵਿਸ਼ੇ ਤਹਿਤ ਮਨਾਇਆ ਵਿਸ਼ਵ ਸਿਹਤ ਦਿਵਸ