Posted inBarnala Education ਸੰਸਦ ਮੈਂਬਰ ਮੀਤ ਹੇਅਰ ਨੇ ਚਾਰ ਸਕੂਲਾਂ ਵਿੱਚ ਕਰੀਬ 85 ਲੱਖ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ Posted by overwhelmpharma@yahoo.co.in April 11, 2025No Comments – ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਦੇ ਸੰਗੀਤ ਦੇ ਵਿਦਿਆਰਥੀਆਂ ਨੂੰ ਮਿਲੇ ਇਕ ਲੱਖ ਦੇ ਸੰਗੀਤ ਸਾਜ਼ – ਹੰਡਿਆਇਆ ਸਕੂਲ ਵਿੱਚ ਵਿਦਿਆਰਥੀਆਂ ਨੂੰ ਮਿਲੀ ਟਚ ਸਕ੍ਰੀਨ ਐੱਲਈਡੀ – ਸਕੂਲ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨੂੰ ਮਿਲੀਆਂ ਵਿਸ਼ੇਸ਼ ਸਹੂਲਤਾਂ – ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਬਰਨਾਲਾ, 11 ਅਪ੍ਰੈਲ (ਰਵਿੰਦਰ ਸ਼ਰਮਾ) : ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੜ੍ਹਾਈ, ਖੇਡਾਂ, ਸੰਗੀਤ ਅਤੇ ਹੋਰ ਉਸਾਰੂ ਖੇਤਰਾਂ ਵਿੱਚ ਅੱਜ ਮੱਲਾਂ ਮਾਰ ਰਹੇ ਹਨ। ਜ਼ਿਲ੍ਹਾ ਬਰਨਾਲਾ ਦੇ ਸਕੂਲੀ ਵਿਦਿਆਰਥੀਆਂ ਨੇ ਵੱਖ ਵੱਖ ਸਕਾਲਰਸ਼ਿਪ ਪ੍ਰੀਖਿਆਵਾਂ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਜੁਮਲਾ ਮਾਲਕਾਨ ਸਕੂਲ ਵਿੱਚ ਪੰਜਾਬ ਸਰਕਾਰ ਦੀ ਮੁਹਿੰਮ ਸਿੱਖਿਆ ਕ੍ਰਾਂਤੀ ਤਹਿਤ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਰੁਚੀਆਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਤੇ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਦੇ ਵਿਦਿਆਰਥੀਆਂ ਨੂੰ 1 ਲੱਖ ਦੇ ਸੰਗੀਤ ਸਾਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿੱਚ ਵਿਦਿਆਰਥੀਆਂ ਨੂੰ ਨਵੀਂ ਟਚ ਸਕ੍ਰੀਨ ਐੱਲਈਡੀ ਮਿਲੀ ਹੈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰੋੜਾਂ ਰੁਪਏ ਦੀ ਗ੍ਰਾਂਟ ਸਕੂਲਾਂ ਲਈ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾ ਰਿਹਾ ਹੈ। ਸਕੂਲਾਂ ਵਿਚ ਨਵੇਂ ਕਮਰਿਆਂ, ਸਾਇੰਸ ਲੈਬ, ਚਾਰਦੀਵਾਰੀ ਦੇ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਸਕੂਲ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਸਨ ਜੋ ਕਿ ਸਰਕਾਰ ਵਲੋਂ ਪਿਛਲੇ 3 ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੱਡੀ ਗਿਣਤੀ ਸਕੂਲਾਂ ਵਿਚ ਚਾਰਦੀਵਾਰੀ ਵੀ ਨਹੀਂ ਸੀ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਵਿਚ ਕਰੀਬ 15 ਲੱਖ ਰੁਪਏ ਅਤੇ ਸੁਤੰਤਰਤਾ ਸੰਗਰਾਮੀ ਲਾਭ ਸਿੰਘ ਸਰਕਾਰੀ ਪ੍ਰਾਇਮਰੀ ਜੁਮਲਾ ਮਾਲਕਾਨ ਵਿੱਚ 19 ਲੱਖ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਲਈ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਜੁਮਲਾ ਮਾਲਕਾਨ ਸਕੂਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਵੱਖਰੇ ਪਖਾਨੇ ਬਣਾਏ ਗਏ ਹਨ। ਇਸ ਮਗਰੋਂ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ 35.68 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ 16 ਲੱਖ ਦੇ ਲਾਗਤ ਵਾਲੇ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਨੀਰਜਾ ਤੇ ਹੋਰ ਪਤਵੰਤੇ ਹਾਜ਼ਰ ਸਨ। Post navigation Previous Post ਪੰਜਾਬ ਸਰਕਾਰ ਦਾ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ਤੋਂ ਯੂ-ਟਰਨNext Postਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਪਿੰਡਾਂ ਵਿਚ ਮੀਟਿੰਗਾਂ ਦਾ ਦੌਰ ਜਾਰੀ