Posted inBarnala ਚੀਮਾ ਜੋਧਪੁਰ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਸੈਮੀਨਾਰ Posted by overwhelmpharma@yahoo.co.in April 24, 2025No Comments ਬਰਨਾਲਾ, 24 ਅਪ੍ਰੈਲ (ਰਵਿੰਦਰ ਸ਼ਰਮਾ) : ਵਿਦਿਆਰਥੀਆਂ ਵਿੱਚ ਵੱਧ ਰਹੀਆਂ ਸਾਈਬਰ ਅਪਰਾਧਿਕ ਗਤੀਵਿਧੀਆਂ ਅਤੇ ਸਾਈਬਰ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੀਮਾ ਜੋਧਪੁਰ ਵਿਖੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਸਟੂਡੈਂਟ ਪੁਲਿਸ ਕੈਡਿਟ ( ਐਸਪੀਸੀ ) ਸਕੀਮ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਅਗਵਾਈ ਇੰਸਪੈਕਟਰ ਕਮਲਜੀਤ ਸਿੰਘ, ਏਐਸਆਈ ਰਣਜੀਤ ਸਿੰਘ, ਹੈੱਡ ਕਾਂਸਟੇਬਲ ਜਗਤਾਰ ਸਿੰਘ, ਹੈੱਡ ਕਾਂਸਟੇਬਲ ਜਸਪਾਲ ਸਿੰਘ, ਅਤੇ ਜਗਸੀਰ ਸਿੰਘ ਨੇ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ, ਜਿਵੇਂ ਕਿ ਸੋਸ਼ਲ ਮੀਡੀਆ ਦਾ ਗਲਤ ਵਰਤੋਂ, ਔਨਲਾਈਨ ਧੋਖਾਧੜੀ, ਸਾਈਬਰ ਬੁਲਿੰਗ ਅਤੇ ਇੰਟਰਨੈੱਟ ਦੀ ਜ਼ਿੰਮੇਵਾਰ ਵਰਤੋਂ। ਇਸ ਮੌਕੇ ਇੰਸਪੈਕਟਰ ਕਮਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਈ ਅਸਲ ਮਾਮਲੇ ਸਾਂਝੇ ਕੀਤੇ, ਜੋ ਕਿ ਉਨ੍ਹਾਂ ਨੂੰ ਸਾਈਬਰ ਅਪਰਾਧਾਂ ਦੀ ਗੰਭੀਰਤਾ ਸਮਝਣ ਵਿੱਚ ਮਦਦਗਾਰ ਸਾਬਤ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਅਤੇ ਉਨ੍ਹਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ। ਸੈਮੀਨਾਰ ਵਿੱਚ ਇਹ ਵੀ ਵਿਸ਼ੇਸ਼ ਰੂਪ ਵਿੱਚ ਦਰਸਾਇਆ ਗਿਆ ਕਿ ਵਿਦਿਆਰਥੀ ਇੰਟਰਨੈੱਟ ਤੇ ਮੋਬਾਈਲ ਫੋਨ ਦੀ ਵਰਤੋਂ ਕਰਦਿਆਂ ਕਿਹੜੀਆਂ ਸਾਵਧਾਨੀਆਂ ਅਪਣਾ ਸਕਦੇ ਹਨ। ਫੇਸਬੁਕ , ਇੰਸਟਾਗਰਾਮ ਅਤੇ ਵਟਸਅੱਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਸੈਟਿੰਗਜ਼ ਅਤੇ ਫਿਸ਼ਿੰਗ ਲਿੰਕਸ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਅਨਿਲ ਕੁਮਾਰ ਮੋਦੀ ਨੇ ਪੁਲਿਸ ਟੀਮ ਦਾ ਸਵਾਗਤ ਕੀਤਾ ਅਤੇ ਇਸ ਜਾਣਕਾਰੀ ਭਰਪੂਰ ਸੈਸ਼ਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਡੀਜੀਟਲ ਯੁੱਗ ਵਿੱਚ ਅਜਿਹੇ ਕਦਮਾਂ ਦੀ ਬਹੁਤ ਲੋੜ ਹੈ। ਐਸਪੀਸੀ ਨੋਡਲ ਇੰਚਾਰਜ ਡਾ. ਜਤਿੰਦਰ ਜੋਸ਼ੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਸਵਾਲ ਖੁੱਲ੍ਹ ਕੇ ਪੁੱਛਣ। ਉਨ੍ਹਾਂ ਨੇ ਕਿਹਾ ਕਿ ਪੁਲਿਸ ਤੁਹਾਡੀ ਸਹਾਇਕ ਅਤੇ ਸੁਰੱਖਿਆ ਦਾਤਾ ਹੈ। ਉਹਨਾਂ ਕਿਹਾ ਜੇਕਰ ਕਿਸੇ ਵਿਦਿਆਰਥੀ ਨੂੰ ਫੇਸਬੁੱਕ, ਇੰਸਟਾਗਰਾਮ ਜਾਂ ਹੋਰ ਕਿਸੇ ਵੀ ਸੋਸ਼ਲ ਮੀਡੀਆ ‘ਤੇ ਕਿਸੇ ਤਰ੍ਹਾਂ ਦੀ ਧਮਕੀ ਜਾਂ ਬਲੈਕਮੇਲ ਦਾ ਸਾਹਮਣਾ ਕਰਨਾ ਪਏ, ਤਾਂ ਉਹ ਬਰਨਾਲਾ ਪੁਲਿਸ ਦੀ ਸਾਈਬਰ ਸੈੱਲ ਨਾਲ ਬਿਨਾਂ ਕਿਸੇ ਝਿਜਕ ਦੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਮਿਸ ਪਾਇਲ ਗਰਗ, ਮਿਸ ਲਲਿਤਾ, ਮਿਸ ਰਿਸ਼ੂ ਰਾਣੀ, ਮਿਸ ਗਗਨਦੀਪ ਕੌਰ, ਸ੍ਰੀ ਬਲਵੀਰ ਸਿੰਘ, ਸ੍ਰੀ ਜਸਮੇਲ ਸਿੰਘ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਸੈਮੀਨਾਰ ਦੇ ਅਖੀਰ ਵਿੱਚ ਇੱਕ ਇੰਟਰੈਕਟਿਵ ਸੈਸ਼ਨ ਵੀ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਮਨ ਦੀਆਂ ਗੱਲਾਂ ਖੁੱਲ੍ਹ ਕੇ ਸਾਂਝੀਆਂ ਕੀਤੀਆਂ ਅਤੇ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਧੀਰਜ ਨਾਲ ਸੁਣਿਆ ਤੇ ਉਚਿਤ ਸਲਾਹਾਂ ਦਿੱਤੀਆਂ। ਇਹ ਸੈਮੀਨਾਰ ਐਸਪੀਸੀ ਸਕੀਮ ਤਹਿਤ ਵਿਦਿਆਰਥੀਆਂ ਅਤੇ ਪੁਲਿਸ ਦਰਮਿਆਨ ਭਰੋਸੇ ਅਤੇ ਸਾਂਝ ਵਧਾਉਣ ਵੱਲ ਇਕ ਹੋਰ ਮਜ਼ਬੂਤ ਕਦਮ ਸਾਬਤ ਹੋਇਆ, ਜੋ ਕਿ ਨੌਜਵਾਨ ਪੀੜ੍ਹੀ ਨੂੰ ਡਿਜੀਟਲ ਦੁਨੀਆ ਵਿੱਚ ਸੁਰੱਖਿਅਤ ਅਤੇ ਜਾਗਰੂਕ ਬਣਾਉਣ ਵੱਲ ਲੈ ਜਾਂਦਾ ਹੈ। Post navigation Previous Post ਸਿੱਖਿਆ ਕ੍ਰਾਂਤੀ : ਵਿਧਾਇਕ ਉੱਗੋਕੇ ਵਲੋਂ ਅਲਕੜੇ ਅਤੇ ਮੱਝੂਕੇ ਸਕੂਲਾਂ ਵਿਚ ਲੱਖਾਂ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨNext Postਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ਹਿਰ ਵਿੱਚ ਗਤੀਵਿਧੀਆਂ ਜਾਰੀ