Posted inਨਵੀਂ ਦਿੱਲੀ ਰਾਜਨੀਤੀ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਦਿੱਤੇ 3 ਮੰਤਰ : ਲੋਕਾਂ ਨਾਲ ਜੁੜੋ, ਮੁੱਦਿਆਂ ਨੂੰ ਪਛਾਣੋ ਤੇ ਡਟ ਕੇ ਲੜੋ Posted by overwhelmpharma@yahoo.co.in Feb 11, 2025 ਨਵੀਂ ਦਿੱਲੀ, 11 ਫ਼ਰਵਰੀ (ਰਵਿੰਦਰ ਸ਼ਰਮਾ) : ਦਿੱਲੀ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਮੰਗਲਵਾਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਬੁਲਾਉਂਦਿਆਂ ਮੀਟਿੰਗ ਕੀਤੀ। ਜਿਸ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਆਗੂਆਂ ਨੂੰ ਤਿੰਨ ਮੰਤਰ ਦਿੱਤੇ ਹਨ ਕਿ ਲੋਕਾਂ ਨਾਲ ਜੁੜੋ, ਮੁੱਦਿਆਂ ਨੂੰ ਪਛਾਣੋ ਤੇ ਡਟ ਕੇ ਲੜੋ। – ਪਾਰਟੀ ਲਈ ਚੂਣੌਤੀਆਂ 1. ਦਿੱਲੀ ਮਾਡਲ ਪੰਜਾਬ ਲਈ ਵੱਡੀ ਚੂਣੌਤੀ ਹੈ ਕਿਉਂਕਿ ਪੰਜਾਬ ’ਚ ਸੱਤਾ ’ਚ ਆਉਣ ਤੋਂ ਲੈਕੇ ਅਜੇ ਤੱਕ ਸੂਬੇ ’ਚ ਹੋਈ ਹਰ ਚੋਣ ’ਚ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਮਾਡਲ ਪੇਸ਼ ਕਰਕੇ ਵੋਟਾਂ ਮੰਗ ਰਹੇ ਸਨ, ਪਰ ਹੁਣ ਜਦੋਂ ਦਿੱਲੀ ’ਚ ਹੀ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਹੈ ਤਾਂ ਅਜਿਹੇ ’ਚ ਦਿੱਲੀ ਮਾਡਲ ਦੇ ਨਾਮ ’ਤੇ ਵੋਟ ਮੰਗਣਾ ਅਸੰਭਵ ਹੋ ਗਿਆ ਹੈ। 2. ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦੀ ਗਰੰਟੀ ਵੀ ਪੰਜਾਬ ’ਚ ਪੈਡਿੰਗ ਪਈ ਹੈ। ਜ਼ਿਕਰਯੋਗ ਹੈ ਕਿ ‘ਆਪ’ ਨੇ ਸੱਤਾ ’ਚ ਆਉਣ ਤੋਂ ਪਹਿਲਾਂ 5 ਗਰੰਟੀਆਂ ਦਿੱਤੀਆਂ ਸਨ, ਜਿੰਨ੍ਹਾਂ ’ਚ ਸਭ ਤੋਂ ਅਹਿਮ ਗਰੰਟੀ ਸੀ ਕਿ ਸਰਕਾਰ ਆਉਣ ’ਤੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦਿੱਤੇ ਜਾਣਗੇ, ਪਰ ਇਹ ਗਰੰਟੀ ਅਜੇ ਤੱਕ ਪੂਰੀ ਨਹੀਂ ਕੀਤੀ ਗਈ। 3. ਪੰਜਾਬ ਸਰਕਾਰ ਭਾਂਵੇ ਕਾਨੂੰਨ ਵਿਵਸਥਾ ਨੂੰ ਹੋਰਨਾਂ ਸੂਬਿਆਂ ਨਾਲੋਂ ਵਧਿਆ ਹੋਣ ਦਾ ਦਾਅਵਾ ਕਰ ਰਹੀ ਹੈ, ਪਰ ਗੈਂਗਸਟਰ ਕਲਚਰ, ਨਸ਼ਾ ਤਸਕਰੀ ਤੇ ਅਪਰਾਧ ’ਚ ਵਾਧਾ ਹੋਇਆ ਹੈ। ਥਾਣਿਆਂ ’ਤੇ ਹਮਲੇ ਹੋ ਰਹੇ ਹਨ, ਜਿਸ ਕਾਰਨ ਵਿਰੋਧੀ ਧਿਰ ਸਰਕਾਰ ਨੂੰ ਇਸ ਮੁੱਦੇ ’ਤੇ ਲਗਾਤਾਰ ਘੇਰਦੀ ਆ ਰਹੀ ਹੈ। 4. ਪੰਜਾਬ ’ਤੇ ਮੌਜੂਦਾ ਸਮੇਂ ’ਚ 3.75 ਲੱਖ ਕਰੋੜ ਦਾ ਕਰਜ਼ਾ ਹੈ। ਜਿਸ ਕਾਰਨ ਵਿਕਾਸ ਯੋਜਨਾਵਾਂ ਲਈ ਫ਼ੰਡ ਜੁਟਾਉਣਾ ਔਖਾ ਹੋ ਰਿਹਾ ਹੈ। ਮੁਫ਼ਤ ਬਿਜਲੀ, ਔਰਤਾਂ ਨੂੰ ਫ਼ਰੀ ਬੱਸ ਸਰਵਿਸ ਤੇ ਹੋਰ ਵਿਕਾਸ ਯੋਜਨਾਵਾਂ ਪੂਰੀਆਂ ਕਰਨ ਲਈ ਪੈਸੇ ਦੀ ਲੋੜ ਹੈ। ਪੰਜਾਬ ਸਰਕਾਰ ਨੂੰ ਮੌਜੂਦਾ ਵਿੱਤੀ ਸਾਲ ’ਚ 28 ਹਜ਼ਾਰ ਕਰੋੜ ਦਾ ਕਰਜ਼ਾ ਲੈਣਾ ਪਿਆ ਹੈ। – ਦਿੱਲੀ ਚੋਣਾਂ ’ਚ ਗੁੰਡਾਗਰਦੀ ਤੇ ਪੈਸਾ ਚਲਿਆ : ਭਗਵੰਤ ਮਾਨ ਦਿੱਲੀ ਮੀਟਿੰਗ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਚੋਣਾਂ ’ਚ ਗੁੰਡਾਗਰਦੀ ਤੇ ਪੈਸਾ ਚਲਿਆ ਹੈ। ਸਾਨੂੰ ਹਰ ਘੰਟੇ ਚੋਣ ਕਮਿਸ਼ਨ ਕੋਲ ਜਾਣਾ ਪਿਆ। ਵਿਧਾਇਕਾਂ ਵਲੋਂ ਲਗਾਤਾਰ ਪਾਰਟੀ ਬਦਲਣ ਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਦਾ ਸੀ.ਐੱਮ ਬਣਨ ਦੇ ਵਿਰੋਧੀਆਂ ਦੇ ਦਾਅਵਿਆਂ ’ਤੇ ਹੱਸਦਿਆਂ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਪੌਣੇ 3 ਸਾਲਾਂ ਤੋਂ ਅਜਿਹਾ ਕਹਿ ਰਹੀ ਹੈ। ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਦਿੱਲੀ ’ਚ ਤੁਹਾਡੇ ਕਿੰਨੇ ਵਿਧਾਇਕ ਹਨ? ਮਾਨ ਨੇ ਕਿਹਾ ਕਿ ਅਸੀਂ ਆਪਣੇ ਖ਼ੂਨ ਪਸੀਨੇ ਨਾਲ ਪਾਰਟੀ ਬਣਾਈ ਹੈ, ਉਨ੍ਹਾਂ ਨੂੰ ਬੋਲਣ ਦਿਓ। ਆਮ ਆਦਮੀ ਪਾਰਟੀ ’ਚ ਕੁਝ ਵੀ ਅਜਿਹਾ ਨਹੀਂ ਹੈ। Post navigation Previous Post ਪੰਜਾਬ ਭਰ ’ਚ ਸਿਰਫ਼ 212 ਟਰੈਵਲ ਏਜੰਟ ਹੀ ਰਜਿਸਟਰਡ, 8 ਜ਼ਿਲ੍ਹਿਆਂ ’ਚ ਨਹੀਂ ਹੈ ਕੋਈ ਲਾਇਸੈਂਸNext Postਡੱਲੇਵਾਲ ਦਾ ਮਰਨ ਵਰਤ 78ਵੇਂ ਦਿਨ ’ਚ ਸ਼ਾਮਲ, ਖਨੌਰੀ ਬਾਰਡਰ ’ਤੇ ਬੁੱਧਵਾਰ ਨੂੰ ਹੋਵੇਗੀ ਮਹਾਪੰਚਾਇਤ