ਜਿਹੜੇ ਖੇਡ ਵਿਭਾਗ ਦਾ ਬਜਟ ਕਦੇ 100-150 ਕਰੋੜ ਤੋਂ ਨਹੀਂ ਸੀ ਵਧਿਆ, ‘ਆਪ’ ਸਰਕਾਰ ਨੇ 980 ਕਰੋੜ ਰੱਖਿਆ : ਮੀਤ ਹੇਅਰ


ਬਰਨਾਲਾ, 2 ਮਈ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਪਰਿੰਗ ਵਿਲਾ ਰਿਸੋਰਟ ਵਿਖੇ ਸ਼ੁੱਕਰਵਾਰ ਨੂੰ ਕਰਵਾਏ  ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ ਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਮੁੱਖ ਟੀਚਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਖੇਡਾਂ ਨਾਲ ਜੋੜਿਆ ਜਾਵੇ। ਜਿਸ ਲਈ ‘ਆਪ’ ਸਰਕਾਰ ਸ਼ਲਾਘਾਯੋਗ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਖੇਡ ਵਿਭਾਗ ਦਾ ਬਜਟ ਕਦੇ 150 ਕਰੋੜ ਕਦੇ 100 ਕਰੋੜ ਤੋਂ ਨਹੀਂ ਸੀ ਵਧਿਆ, ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਕੀ 980 ਕਰੋੜ ਰੁਪਏ ਕਰ ਦਿੱਤਾ ਹੈ। ਪਹਿਲੀਆਂ ਸਰਕਾਰਾਂ ਵੱਲੋਂ 50-50 ਹਜ਼ਾਰ ਰੁਪਏ ਦੀਆਂ ਸਸਤੀਆਂ ਜਿੰਮਾਂ ਦੇਕੇ ਖਾਨਾਪੂਰਤੀ ਕੀਤੀ ਜਾਂਦੀ ਸੀ, ਜੋ 4-5 ਦਿਨਾਂ ਵਿੱਚ ਹੀ ਖ਼ਤਮ ਹੋ ਜਾਂਦੀਆਂ ਸਨ। ਪਰ ਹੁਣ ‘ਆਪ’ ਸਰਕਾਰ ਵੱਲੋਂ ਤਕਰੀਬਨ ਤਿੰਨ ਸਾਢੇ ਤਿੰਨ ਲੱਖ ਰੁਪਏ ਦੀਆਂ ਜਿੰਮਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ 3000 ਵੱਡੇ ਪਿੰਡਾਂ ਵਿੱਚ ਦਿੱਤੀਆਂ ਜਾਣੀਆਂ ਹਨ। ਮੀਤ ਹੇਅਰ ਨੇ ਕਿਹਾ ਕਿ ਬੜੇ ਅਜਿਹੇ ਕਦਮ ਹਨ, ਜਿਹੜੇ ਸੂਬਾ ਸਰਕਾਰ ਕਰ ਰਹੀ ਹੈ ਕਿਉਂਕਿ ਇਹ ਸਰਕਾਰ ਸਮਝਦੀ ਹੈ ਕਿ ਜਿਹੜਾ ਪੰਜਾਬ ਦੇ ਮੱਥੇ ‘ਤੇ ਨਸ਼ਿਆਂ ਦਾ ਕਲੰਕ ਲੱਗਿਆ ਹੋਇਆ ਹੈ, ਉਸ ਨੂੰ ਧੋਤਾ ਜਾ ਸਕੇ। ਉਨ੍ਹਾਂ ਬੇਨਤੀ ਕੀਤੀ ਕਿ ਇਹ ਸਭ ਉਨ੍ਹਾਂ ਸਮਾਂ ਨਹੀਂ ਹੋ ਸਕਦਾ, ਜਿੰਨਾ ਸਮਾਂ ਅਸੀਂ ਸਾਰੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਨਸ਼ਿਆਂ ਖਿਲਾਫ ਇਕਜੁੱਟ ਨਹੀਂ ਹੁੰਦੇ। ਇਸ ਜ਼ਿਲ੍ਹਾ ਪੱਧਰੀ ਸਮਾਗਮ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਪੰਜਾਬ ਮੋਹਿੰਦਰ ਭਗਤ, ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਮਾਲਵਾ ਵੈਸਟ ਦੇ ਕੋਆਰਡੀਨੇਟਰ ਚੁਸ਼ਪਿੰਦਰ ਸਿੰਘ ਚਹਿਲ, ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ, ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ, ‘ਆਪ’ ਦੇ ਹਲਕਾ ਇੰਚਾਰਜ਼ ਹਰਿੰਦਰ ਸਿੰਘ ਧਾਲੀਵਾਲ,  ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਟਰੱਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਹਰਦੀਪ ਸਿੰਘ ਸਣੇ ਵੱਡੀ ਗਿਣਤੀ ’ਚ ‘ਆਪ’ ਆਗੂ ਤੇ ਵਰਕਰ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.